View Details << Back

" ਮਹਿੰਗੀਆਂ ਕਾਰਾਂ 'ਚ ਉਦਾਸ ਚਿਹਰੇ "
ਅੱਜ ਦੇ ਯੁੱਗ ਨੇ ਵਿਗਿਆਨ, ਮੈਡੀਕਲ ਤੇ ਸਿੱਖਿਆ ਦੇ ਖੇਤਰ 'ਚ ਬਹੁਤ ਤਰੱਕੀ ਕਰ ਲਈ ਹੈ

{ਗੁਰਵਿੰਦਰ ਸਿੰਘ ਮੋਹਾਲੀ} ਅੱਜ ਤੇ ਅੱਜ ਤੋਂ ਚਾਲੀ ਸਾਲ ਪਹਿਲਾਂ ਦੇ ਸਮੇਂ 'ਚ ਬਹੁਤ ਫ਼ਰਕ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਦੇ ਯੁੱਗ ਨੇ ਵਿਗਿਆਨ, ਮੈਡੀਕਲ ਤੇ ਸਿੱਖਿਆ ਦੇ ਖੇਤਰ 'ਚ ਬਹੁਤ ਤਰੱਕੀ ਕਰ ਲਈ ਹੈ। ਸੜਕੀ ਆਵਾਜਾਈ ਦੇ ਸਾਧਨ ਬਹੁਤ ਵਿਕਸਤ ਹੋ ਗਏ ਹਨ। ਅੱਜ ਤਕਰੀਬਨ ਹਰ ਘਰ 'ਚ ਕਾਰ ਹੈ। ਦੂਰਸੰਚਾਰ ਸਾਧਨਾਂ ਨੇ ਵਿਸ਼ਾਲ ਦੁਨੀਆਂ ਨੂੰ ਸੁੰਗੇੜ ਕੇ ਰੱਖ ਦਿੱਤਾ ਹੈ ਤੇ ਅੱਜ ਦੁਨੀਆ ਬਹੁਤ ਛੋਟੀ ਲੱਗ ਰਹੀ ਹੈ । ਘਰ 'ਚ ਬੈਠੇ ਮਿੰਟਾਂ-ਸਕਿੰਟਾਂ 'ਚ ਹੀ ਅਸੀਂ ਸਮੁੰਦਰੋਂ ਪਾਰ ਵਿਦੇਸ਼ਾਂ 'ਚ ਬੈਠੇ ਆਪਣੇ ਰਿਸ਼ਤੇਦਾਰਾਂ ਨਾਲ ਆਸਾਨੀ ਨਾਲ ਗੱਲਾਂ ਕਰ ਸਕਦੇ ਹਾਂ। ਵੀਡੀਓ ਕਾਲ ਰਾਹੀਂ ਅਸੀਂ ਇਕ ਦੂਜੇ ਨਾਲ ਗੱਲਾਂ ਕਰਦਿਆਂ ਇਸ ਤਰੀਕੇ ਦਾ ਅਹਿਸਾਸ ਕਰਦੇ ਹਾਂ, ਜਿਵੇਂ ਉਹ ਸਾਡੇ ਸਾਹਮਣੇ ਹੀ ਬੈਠਿਆ ਹੋਵੇ। ਚਿੱਠੀ ਪੱਤਰੀ ਦੀ ਜਗ੍ਹਾ ਅੱਜਕੱਲ੍ਹ ਈ- ਮੇਲ ਨੇ ਲੈ ਲਈ ਹੈ ਤੇ ਅਸੀਂ ਮਿੰਟਾਂ-ਸਕਿੰਟਾਂ 'ਚ ਆਪਣੇ ਸੰਦੇਸ਼ ਦੂਜਿਆਂ ਤਕ ਆਸਾਨੀ ਨਾਲ ਪਹੁੰਚਾ ਸਕਦੇ ਹਾਂ। ਗੰਭੀਰ ਆਪਰੇਸ਼ਨਾਂ 'ਚ ਅੱਜਕੱਲ ਲੇਜ਼ਰ ਥੈਰੇਪੀ ਦੇ ਇਸਤੇਮਾਲ ਨੇ ਬਿਮਾਰੀ ਦੇ ਇਲਾਜ ਨੂੰ ਆਸਾਨ ਬਣਾ ਦਿੱਤਾ ਹੈ। ਘਰ ਬੈਠੇ ਹੀ ਅਸੀਂ ਆਨਲਾਈਨ ਭੋਜਨ ਆਰਡਰ 'ਤੇ ਮੰਗਾ ਸਕਦੇ ਹਾਂ। ਹੁਣ ਘਰ ਦੇ ਕਿਸੇ ਕਿਸਮ ਦਾ ਬਿੱਲ ਜਮ੍ਹਾ ਕਰਵਾਉਣ ਲਈ ਲਾਈਨਾਂ 'ਚ ਲੱਗਣ ਦੀ ਲੋੜ ਨਹੀਂ, ਘਰ ਬੈਠੇ -ਬਿਠਾਏ ਆਨਲਾਈਨ ਬਿੱਲ ਜਮ੍ਹਾ ਕਰਾਏ ਜਾ ਰਹੇ ਹਨ। ਏਅਰ ਟਿਕਟ ਅਤੇ ਰੇਲਵੇ ਟਿਕਟ ਅਸੀਂ ਘਰ ਬੈਠੇ-ਬਿਠਾਏ ਆਨਲਾਈਨ ਬੁੱਕ ਕਰਵਾ ਸਕਦੇ ਹਾਂ। ਇਨ੍ਹਾਂ ਸਹੂਲਤਾਂ ਨੇ ਜਿੱਥੇ ਮਨੁੱਖ ਦੀ ਜ਼ਿੰਦਗੀ ਨੂੰ ਕਾਫੀ ਹੱਦ ਤਕ ਸੁਖਾਲਾ ਬਣਾ ਦਿੱਤਾ ਹੈ, ਉੱਥੇ ਹੀ ਇਸ ਮੁਕਾਬਲੇ ਵਾਲੀ ਦੁਨੀਆ 'ਚ ਇਕ-ਦੂਜੇ ਤੋਂ ਅੱਗੇ ਲੰਘਣ ਦੀ ਦੌੜ ਨੇ ਮਨੁੱਖੀ ਜ਼ਿੰਦਗੀ ਨੂੰ ਗੁੰਝਲਦਾਰ ਵੀ ਬਣਾ ਦਿੱਤਾ ਹੈ। ਇਸ ਤੇਜ਼- ਰਫ਼ਤਾਰ ਜ਼ਿੰਦਗੀ 'ਚ ਹਰ ਇਨਸਾਨ ਰੁੱਝਿਆ ਨਜ਼ਰ ਆਉਂਦਾ ਹੈ। ਅੱਜ ਕਿਸੇ ਕੋਲ ਦੂਜੇ ਲਈ ਕੋਈ ਵਕਤ ਨਹੀਂ। ਭੈਣ- ਭਰਾ ਇਕ-ਦੂਜੇ ਦੀ ਸਾਰ ਲੈਣ ਤੋਂ ਅਸਮਰੱਥ ਜਾਪ ਰਹੇ ਹਨ।ਕਿਸੇ ਕੋਲ ਸਮਾਂ ਨਹੀਂ ਕਿ ਉਹ ਆਪਣੇ ਭੈਣ-ਭਰਾਵਾਂ 'ਚ ਬੈਠ ਕੇ ਵੀ ਸੁੱਖ-ਦੁੱਖ ਸਾਂਝਾ ਕਰ ਸਕੇ। ਇਸ ਡਰਾਉਣੀ ਸਥਿਤੀ ਨੇ ਮਨੁੱਖੀ ਨਜ਼ਰੀਏ ਦੀ ਤਸਵੀਰ ਨੂੰ ਬਦਲ ਕੇ ਰੱਖ ਦਿੱਤਾ ਹੈ। ਕਦਰਾਂ-ਕੀਮਤਾਂ ਕਿਤੇ ਖੰਭ ਲਾ ਕੇ ਉੱਡ ਗਈਆਂ ਹਨ। ਨਿੱਜ ਤੇ ਸਵਾਰਥ ਪ੍ਰਧਾਨ ਹਨ। ਸੜਕਾਂ 'ਤੇ ਭੱਜਦੀਆਂ ਮਹਿੰਗੀਆਂ ਕਾਰਾਂ 'ਚ ਉਦਾਸ ਚਿਹਰਿਆਂ ਦੀ ਝਲਕ ਮਿਲਦੀ ਹੈ। ਸਭ ਕੁਝ ਹੋਣ ਦੇ ਬਾਵਜੂਦ ਖ਼ੁਸ਼ੀ ਗ਼ਾਇਬ ਹੈ।
ਮਨੁੱਖ ਧਰਤ ਗ੍ਰਹਿ ਦਾ ਵਾਸੀ ਨਾ ਹੋ ਕੇ ਹੋਰ ਕਿਸੇ ਗ੍ਰਹਿ ਦਾ ਵਾਸੀ ਜਾਪ ਰਿਹਾ ਹੈ ਜੋ ਬਿਨਾਂ ਜਜ਼ਬਾਤ ਤੋਂ ਹੱਡ-ਮਾਸ ਦਾ ਪੁਤਲਾ ਨਜ਼ਰ ਆਉਂਦਾ ਹੈ। ਅੱਜ ਤੋਂ 35-40 ਪਹਿਲਾਂ ਸਮਾਂ ਕੁਝ ਹੋਰ ਸੀ। ਘਰਾਂ ਦੀਆਂ ਛੱਤਾਂ ਬਾਲੇ-ਸ਼ਤੀਰੀਆਂ ਦੀਆਂ ਹੁੰਦੀਆਂ ਸਨ। ਕੰਧਾਂ ਅਤੇ ਵਿਹੜੇ ਭਾਵੇਂ ਕੱਚੇ ਸਨ ਪਰ ਰਿਸ਼ਤੇ ਮਜ਼ਬੂਤ ਹੁੰਦੇ ਸਨ। ਸਹੂਲਤਾਂ ਦੀ ਘਾਟ ਸੀ ਪਰ ਥੁੜ੍ਹਾਂ ਦੇ ਬਾਵਜੂਦ ਰਿਸ਼ਤਿਆਂ 'ਚ ਨਿੱਘ ਸੀ। ਗੁਆਂਢੀ ਆਪਸ 'ਚ ਪਿਆਰ ਅਤੇ ਮਿਲਵਰਤਨ ਨਾਲ ਰਹਿੰਦੇ ਸੀ। ਮੈਨੂੰ ਯਾਦ ਹੈ ਕਿ ਸਾਡੇ ਮੁਹੱਲੇ 'ਚ ਤਿਉਹਾਰ ਸਾਂਝੇ ਤੌਰ 'ਤੇ ਲੋਕ ਰਲ ਕੇ ਮਨਾਉਂਦੇ ਸਨ। ਸਾਡੇ ਮੁਹੱਲੇ 'ਚ ਸੀਤਾ ਝਾਈ ਦੇ ਘਰ ਬਹੁਤ ਵੱਡਾ ਤੰਦੂਰ ਲੱਗਿਆ ਹੋਇਆ ਸੀ। ਸਾਰੇ ਮੁਹੱਲੇ ਦੀਆਂ ਔਰਤਾਂ ਆਪੋ- ਆਪਣੀ ਪਰਾਤ 'ਚ ਆਟਾ ਗੁੰਨ੍ਹ ਕੇ ਉੱਥੇ ਪਹੁੰਚ ਜਾਂਦੀਆਂ ਤੇ ਵਾਰੀ ਨਾਲ ਆਪਣੀਆਂ ਰੋਟੀਆਂ ਪਕਾ ਕੇ ਥਾਲ 'ਚ ਰੱਖ ਕੇ ਕੱਪੜੇ ਨਾਲ ਢਕ ਕੇ ਆਪਣੇ ਘਰ ਚਲੀਆਂ ਜਾਂਦੀਆਂ। ਰੋਟੀਆਂ ਪਕਾਉਂਦੇ-ਪਕਾਉਂਦੇ ਸੁੱਖ-ਦੁੱਖ ਵੀ ਸਾਂਝਾ ਕਰ ਲੈਂਦੀਆਂ। ਸਾਰੇ ਸ਼ਹਿਰ 'ਚ ਮਸਾਂ ਦਸ ਕੁ ਘਰਾਂ 'ਚ ਹੀ ਕਾਰਾਂ ਹੁੰਦੀਆਂ। ਸਾਡੇ ਮੁਹੱਲੇ 'ਚ ਵਕੀਲਾਂ ਦਾ ਘਰ ਸੀ ਜਿਨ੍ਹਾਂ ਕੋਲ ਫੀਅਟ ਕਾਰ ਹੁੰਦੀ ਸੀ। ਸਵੇਰੇ ਕਾਰ ਠੰਢੀ ਹੋਣ ਕਾਰਨ ਉਹ ਧੱਕਾ ਲਗਾ ਕੇ ਸਟਾਰਟ ਹੁੰਦੀ ਸੀ। ਅਸੀਂ ਸਾਰੇ ਮੁਹੱਲੇ ਦੇ ਮੁੰਡੇ ਉਸ ਨੂੰ ਧੱਕਾ ਲਾਉਂਦੇ ਅਤੇ ਜਦੋਂ ਗੱਡੀ ਸਟਾਰਟ ਹੁੰਦੀ ਤਾਂ ਬਹੁਤ ਖ਼ੁਸ਼ੀ ਮਨਾਉਂਦੇ। ਮੁਹੱਲੇ 'ਚ ਇਕ ਖ਼ਾਲੀ ਥਾਂ ਹੁੰਦੀ ਸੀ ਜਿਸ ਨੂੰ ਅਸੀਂ 'ਖੋਲਾ' ਕਹਿੰਦੇ ਸਾਂ। ਉੱਥੇ ਅਸੀਂ ਥਾਪੀ ਤੇ ਰਬੜ ਦੀ ਬਾਲ ਨਾਲ ਕ੍ਰਿਕਟ ਖੇਡਦੇ ਸਾਂ।ਛੋਟੀਆਂ-ਛੋਟੀਆਂ ਚੀਜ਼ਾਂ 'ਚੋਂ ਹੀ ਵੱਡੀਆਂ ਖ਼ੁਸ਼ੀਆਂ ਲੱਭ ਕੇ ਖ਼ੁਸ਼ੀ ਮਨਾਉਂਦੇ ਸਾਂ। ਮੁਹੱਲੇ 'ਚ ਰਿੱਛ ਤੇ ਬਾਂਦਰ ਦਾ ਤਮਾਸ਼ਾ ਵਿਖਾਉਂਦੇ ਮਦਾਰੀ ਦੇ ਝੋਲੇ 'ਚ ਆਟਾ ਪਾ ਕੇ ਤਮਾਸ਼ੇ ਦਾ ਏਨਾ ਆਨੰਦ ਮਾਣਦੇ ਸਾਂ ਜੋ ਸ਼ਾਇਦ ਅੱਜ ਸਟੇਡੀਅਮ 'ਚ ਜਾ ਕੇ ਮੈਚ ਵੇਖ ਕੇ ਨਾ ਮਿਲਦਾ ਹੋਵੇ। ਉਸ ਸਮੇਂ ਜ਼ਿੰਦਗੀ ਸਰਲ ਸੀ। ਖਾਕੀ ਰੰਗ ਦੀਆਂ ਨਿੱਕਰਾਂ ਤੇ ਪੈਂਟਾਂ ਜ਼ਿਆਦਾ ਚੱਲਦੀਆਂ ਸਨ। ਮੰਡੀ 'ਚੋਂ ਫ਼ਲ-ਸਬਜ਼ੀ ਲਿਆਉਣ ਲਈ ਵੀ ਜ਼ਿਆਦਾਤਰ ਖਾਕੀ ਰੰਗ ਦੇ ਥੈਲੇ ਹੁੰਦੇ ਸਨ। ਉਦੋਂ ਇਨਸਾਨ ਰੋਟੀ ਖੁਣੋਂ ਨਹੀਂ ਸੀ ਮਰਦਾ। ਹਰ ਬੰਦਾ ਕੋਈ ਛੋਟਾ-ਮੋਟਾ ਕਾਰੋਬਾਰ ਕਰ ਕੇ ਆਪਣਾ ਟੱਬਰ ਪਾਲਦਾ ਸੀ। ਅੱਜ ਵੱਡੇ-ਵੱਡੇ ਸ਼ਾਪਿੰਗ ਮਾਲ ਖੁੱਲ੍ਹਣ ਨਾਲ ਛੋਟੇ ਕੰਮ ਖ਼ਤਮ ਹੋ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹੈ। ਜਿਸ ਸਮੇਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਉਸ ਵਕਤ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਲੋੜ ਮਹਿਸੂਸ ਨਹੀਂ ਸੀ ਹੁੰਦੀ। ਬੱਚਿਆਂ ਨੂੰ ਮਾਪੇ ਕਿਵੇਂ ਨਾ ਕਿਵੇਂ ਇੱਥੇ ਹੀ ਸੈੱਟ ਕਰ ਲੈਂਦੇ। ਪ੍ਰਾਈਵੇਟ ਸਕੂਲ ਸਾਰੇ ਸ਼ਹਿਰ 'ਚ ਇਕ-ਦੋ ਹੀ ਹੋਇਆ ਕਰਦੇ ਸਨ। ਟਿਊਸ਼ਨ ਅਤੇ ਗਾਈਡਾਂ ਦਾ ਚਲਨ ਨਾਮਾਤਰ ਹੀ ਸੀ। ਬੱਚੇ ਮੁਹੱਲੇ ਦੇ ਇਕ ਘਰ 'ਚ ਇਕੱਠੇ ਬਹਿ ਕੇ ਕਾਪੀਆਂ ਬਣਾਉਂਦੇ ਅਤੇ ਇਕ-ਦੂਜੇ ਨੂੰ ਪ੍ਰਸ਼ਨ ਯਾਦ ਕਰ ਕੇ ਸੁਣਾਉਂਦੇ। ਗਰਮੀਆਂ 'ਚ ਰਾਤ ਨੂੰ ਕੋਠੇ 'ਤੇ ਮੰਜੇ ਚੜ੍ਹਾਉਂਦੇ ਅਤੇ ਹੱਥ 'ਚ ਪੱਖੀ ਲੈ ਕੇ ਝੱਲਦੇ ਰਹਿੰਦੇ। ਲੇਟੇ-ਲੇਟੇ ਅਸਮਾਨ ਵੱਲ ਤੱਕਦੇ ਹੋਏ ਤਾਰੇ ਗਿਣਦੇ ਬੱਦਲਾਂ ਨਾਲ ਗੱਲਾਂ ਕਰਦੇ ਸੌਂ ਜਾਂਦੇ। ਖੁੱਲ੍ਹੇ 'ਚ ਲੇਟੇ ਤਾਜ਼ੀ ਹਵਾ 'ਚ ਸਾਹ ਲੈਂਦੇ ਅਤੇ ਵਧੀਆ ਜ਼ਿੰਦਗੀ ਦਾ ਨਜ਼ਾਰਾ ਲੈਂਦੇ। ਅੱਜ ਬੰਦ ਕਮਰੇ 'ਚ ਏਸੀ ਲਗਾ ਕੇ ਸੁੱਤਿਆਂ ਨੂੰ ਵੀ ਘੁਟਣ ਮਹਿਸੂਸ ਹੁੰਦੀ ਹੈ। ਜਦ ਮੈਂ ਪੁਰਾਣੇ ਵੇਲੇ ਯਾਦ ਕਰਦਾ ਹਾਂ ਤਾਂ ਉਹ ਅੱਜ ਦੇ ਸਮੇਂ ਨਾਲੋਂ ਜ਼ਿਆਦਾ ਵਧੀਆ ਸਨ। ਉਸ ਸਮੇਂ ਦੇ ਪਿਆਰ, ਹਮਦਰਦੀ, ਭਾਈਚਾਰਕ ਸਾਂਝ ਤੇ ਆਪਸੀ ਨੇੜਤਾ ਨੂੰ ਅਜੋਕੇ ਸਮੇਂ ਦਾ ਦੈਂਤ ਡਕਾਰ ਗਿਆ ਹੈ। ਅਜੋਕੇ ਸੰਵਦੇਨਹੀਣ ਇਨਸਾਨ ਨੂੰ ਦੇਖ ਕੇ ਤੇ ਬੀਤੇ ਵੇਲੇ ਨੂੰ ਯਾਦ ਕਰ ਕੇ ਮਨ ਭਰ ਆਉਂਦਾ ਹੈ।


   
  
  ਮਨੋਰੰਜਨ


  LATEST UPDATES











  Advertisements