View Details << Back

ਕੈਨੇਡਾ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ 65 ਹਜ਼ਾਰ ਰੁਪਏ ਦੀ ਠੱਗੀ
-2 ਵਿਅਕਤੀਆਂ ਖਿਲਾਫ਼ ਕੇਸ ਦਰਜ-

ਭਵਾਨੀਗੜ੍ 18 ਜੁਲਾਈ (ਗੁਰਵਿੰਦਰ ਸਿੰਘ)- ਇੱਕ ਵਿਅਕਤੀ ਦੀ ਘਰ ਵਾਲੀ ਨੂੰ ਕੈਨੇਡਾ ਦੀ ਪੀਆਰ ਅਤੇ ਉੱਥੇ ਨੌਕਰੀ ਦਵਾਉੰਣ ਦਾ ਝਾਂਸਾ ਦੇ ਕੇ 65 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੁਲਸ ਨੇ ਇੰਮੀਗ੍ਰੇਸ਼ਨ ਕੰਪਨੀ ਚਲਾਉੰਣ ਵਾਲੇ ਦੋ ਵਿਅਕਤੀਆਂ ਖਿਲਾਫ਼ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਸਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਦਸਮੇਸ਼ ਨਗਰ ਭਵਾਨੀਗੜ੍ਹ ਨੇ ਐਸਐਸਪੀ ਸੰਗਰੂਰ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉੱਹ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਹੈ ਤੇ ਉਸਦੀ ਪਤਨੀ ਵੀ ਇੱਕ ਪ੍ਰਾਇਵੇਟ ਸਕੂਲ ਵਿੱਚ ਅਧਿਆਪਕ ਹੈ, ਨੇ ਕੁੱਝ ਮਹੀਨੇ ਪਹਿਲਾਂ ਟੈਲੀਵਿਜ਼ਨ 'ਤੇ ਐਕਸਪਲੋਰ ਵਰਲਡ ਇਮੀਗ੍ਰੇਸ਼ਨ ਨਾਮ ਦੀ ਫਰਮ ਦਾ ਵਿਦੇਸ਼ ਵਿੱਚ ਪੀਆਰ ਹੋਣ ਸਬੰਧੀ ਇਸ਼ਤਿਹਾਰ ਦੇਖਿਆ ਸੀ। ਇਸ਼ਤਿਹਾਰ ਦੇਖਣ ਤੋਂ ਬਾਅਦ ਅਪਣੀ ਪਤਨੀ ਨਾਲ ਉਹ ਉਕਤ ਕੰਪਨੀ ਦੇ ਚੰਡੀਗੜ੍ਹ ਵਿਖੇ ਦਫ਼ਤਰ ਗਿਆ ਤਾਂ ਉਥੇ ਉਨ੍ਹਾਂ ਦੀ ਮੁਲਾਕਾਤ ਅਦਿਤਿਆ ਗੁਜਰਾਨੀ ਤੇ ਮਨਦੀਪ ਨਰੂਲਾ ਨਾਮ ਦੇ ਦੋ ਵਿਅਕਤੀਆਂ ਨਾਲ ਹੋਈ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕੈਨੇਡਾ ਦੇ ਸੈਸਕੇਟੂਨ ਪ੍ਰਾਂਤ ਵਿੱਚ 8-9 ਮਹੀਨਿਆਂ ਅੰਦਰ ਪੱਕਾ ਹੋਇਆ ਜਾ ਸਕਦਾ ਹੈ ਤੇ ਉਕਤ ਵਿਅਕਤੀਆਂ ਨੇ ਉਸਦੀ ਪਤਨੀ ਦੀ ਵਿਦਿਅਕ ਯੋਗਤਾ ਤੇ ਆਇਲੈਟਸ ਸਕੌਰ ਵਗੈਰਾ ਦੇਖ ਕੇ ਉੱਥੇ ਕੈਨੇਡਾ ਵਿੱਚ ਅਧਿਆਪਕ ਦੀ ਨੌਕਰੀ ਦਵਾਉਣ ਦਾ ਵੀ ਵਾਅਦਾ ਕੀਤਾ। ਜਿਸ ਸਬੰਧੀ ਉਨ੍ਹਾਂ ਦੇ ਕਹਿਣ ਅਨੁਸਾਰ ਸਾਡੇ ਵੱਲੋਂ ਉਨ੍ਹਾਂ ਨੂੰ ਚੈੱਕ ਰਾਹੀਂ 38 ਹਜਾਰ ਰੁਪਏ ਦੇ ਦਿੱਤੇ ਗਏ। ਉਕਤ ਵਿਅਕਤੀਆਂ ਨੇ ਕੁੱਝ ਦਿਨਾਂ ਬਾਅਦ ਸਾਡੇ ਤੋਂ 27 ਹਜ਼ਾਰ ਰੁਪਏ ਹੋਰ ਇਹ ਕਹਿ ਕੇ ਲੈ ਲਏ ਕਿ ਤੁਹਾਡਾ ਕੈਨੇਡਾ ਦਾ ਜੋਬ ਲੈਟਰ ਆ ਗਿਆ। ਪੜਤਾਲ ਕਰਨ 'ਤੇ ਕੰਪਨੀ ਵੱਲੋਂ ਦਿੱਤਾ ਗਿਆ ਜੋਬ ਲੈਟਰ ਜਾਲੀ ਨਿਕਲਿਆ ਤੇ ਬਾਅਦ ਵਿੱਚ ਉਕਤ ਵਿਅਕਤੀਆਂ ਨੇ ਸਾਡੇ ਫੋਨ ਵੀ ਅਟੈੰਡ ਨਹੀਂ ਕੀਤੇ ਜਿਸ 'ਤੇ ਅਪਣੇ ਨਾਲ ਹੋਈ ਠੱਗੀ ਬਾਰੇ ਪਤਾ ਲੱਗਿਆ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ 'ਤੇ ਮਾਮਲੇ ਦੀ ਜਾਂਚ ਕਰਦਿਆਂ ਉਕਤ ਇਮੀਗ੍ਰੇਸ਼ਨ ਕੰਪਨੀ ਨਾਲ ਸਬੰਧਤ ਅਦਿਤਿਆ ਗੁਜਰਾਨੀ ਤੇ ਮਨਦੀਪ ਨਰੂਲਾ ਖਿਲਾਫ਼ ਧੋਖਾਦੇਹੀ ਸਮੇਤ ਵੱਖ ਵੱਖ ਧਾਰਾਵਾਂ ਅਧੀਨ ਥਾਣਾ ਭਵਾਨੀਗੜ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ।

   
  
  ਮਨੋਰੰਜਨ


  LATEST UPDATES











  Advertisements