View Details << Back

" ਮਾਂ ਬੋਲੀ ਕਿਉਂ ਹੋਵੇ ਮਤਰੇਈ! "
ਮੈਂ ਦੋਨਾਂ ਉੱਤੇ ਪੰਜਾਬੀ 'ਚ ਦਸਤਖਤ ਕੀਤੇ ਅਤੇ ਤੁਹਾਡੀ ਹੀ ਯੂਨੀਵਰਸਿਟੀ ਨੇ ਪ੍ਵਾਨ ਕੀਤਾ

ਗੱਲ 2016 ਦੀ ਹੈ। ਮੇਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਐੱਮਐੱਸਸੀ ਖੇਤੀਬਾੜੀ ਦਾ ਅਖੀਰਲਾ ਸਮੈਸਟਰ ਸੀ। ਸਵੇਰੇ ਚਾਈਂ-ਚਾਈਂ ਉੱਠਿਆ ਤੇ ਸੋਚਿਆ ਮਨਾਂ, ਹਾਥੀ ਤਾਂ ਲੰਘ ਗਿਆ, ਹੁਣ ਪੂਛ ਈ ਬਾਕੀ ਰਹਿ ਗਈ ਆ। ਏਦਾਂ ਦੇ ਚਾਵਾਂ ਭਰੇ ਖ਼ਿਆਲ ਲੈ ਕੇ ਤੁਰ ਪਿਆ ਰਜਿਸਟ੍ਰੇਸ਼ਨ ਕਰਵਾਉਣ। ਇਹ ਰਜਿਸਟ੍ਰੇਸ਼ਨ ਖੋਜ ਪੱਤਰ ਜਮ੍ਹਾਂ ਕਰਵਾਉਣ ਲਈ ਸੀ ਕਿਉਂਕਿ ਬਾਕੀ ਵਿਸ਼ਿਆਂ ਦਾ ਕੰਮ ਖ਼ਤਮ ਸੀ।ਉਨ੍ਹੀਂ ਦਿਨੀਂ ਸਬੰਧਤ ਕਾਲਜਾਂ ਦੇ ਡੀਨਾਂ ਨੇ ਹੋਰ ਕੰਮਾਂ 'ਚ ਰੁੱਝੇ ਹੋਣ ਕਾਰਨ ਆਪਣੇ ਪੱਧਰ 'ਤੇ ਹੀ ਕਈ ਪ੍ਰੋਫੈਸਰਾਂ ਦੀ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਕਾਰਡਾਂ 'ਤੇ ਦਸਤਖਤ ਕਰਨ ਦੀ ਡਿਊਟੀ ਲਾਈ ਹੁੰਦੀ ਸੀ। ਉਸ ਦਿਨ ਸਾਡੇ ਖੇਤੀਬਾੜੀ ਕਾਲਜ 'ਚ ਜਿਸ ਪ੍ਰੋਫੈਸਰ ਦੇ ਜ਼ਿੰਮੇ ਇਹ ਕੰਮ ਲੱਗਾ ਸੀ, ਜਦੋਂ ਮੈਂ ਉਨ੍ਹਾਂ ਕੋਲ ਆਪਣੇ ਕਾਰਡਾਂ 'ਤੇ ਦਸਤਖਤ ਕਰਵਾਉਣ ਲਈ ਗਿਆ ਤਾਂ ਉਨ੍ਹਾਂ ਕਾਰਡ ਬੜੇ ਧਿਆਨ ਨਾਲ ਦੇਖੇ ਅਤੇ ਪਹਿਲਾਂ ਬੜੇ ਸ਼ਾਂਤ-ਸੁਭਾਅ ਨਾਲ ਪ੍ਸੰਨਤਾ ਭਰੇ ਲਹਿਜ਼ੇ 'ਚ ਪੁੱਛਿਆ, 'ਕਾਕਾ! ਆਹ ਕਿਵੇਂ ਦੇ ਸਿਗਨੇਚਰ ਨੇ।' ਮੇਰੇ ਅੰਦਰ ਇਕ ਚਾਅ ਉਬਾਲੇ ਖਾਣ ਲੱਗਾ ਕਿ ਲੱਗਦਾ ਹੈ ਕਿ ਮੇਰੇ ਦਸਤਖ਼ਤ ਕਰਨ ਦੇ ਤਰੀਕੇ ਤੋਂ ਉਹ ਪ੍ਰਸੰਨ ਹੋ ਕੇ ਪੁੱਛ ਰਹੇ ਨੇ। ਮੈਂ ਬੜਾ ਹੁੱਬ ਕੇ ਜਵਾਬ ਦਿੱਤਾ, 'ਸਰ! ਇਹ ਪਹਿਲਾ ਪਾਸਾ ਗੁਰਮੁਖੀ ਦਾ ਅਤੇ ਦੂਜਾ ਸ਼ਾਹਮੁਖੀ ਦਾ ਹੈ।' ਮੇਰੀ ਬਚਪਨ ਤੋਂ ਈ ਬਜ਼ੁਰਗਾਂ ਤੋਂ ਲਹਿੰਦੇ ਪੰਜਾਬ ਦੀਆਂ ਬਾਤਾਂ ਸੁਣ ਕੇ ਉਸ ਪੰਜਾਬ ਨਾਲ ਦਿਲੀ ਸਾਂਝ ਪਈ ਹੈ ਚਾਹੇ ਅੱਖੀਂ ਵੇਖਿਆ ਨਹੀਂ ਪਰ ਜੜ੍ਹਾਂ ਲਾਹੌਰ ਦੀਆਂ ਹੋਣ ਕਾਰਨ ਸੁਪਨਿਆਂ 'ਚ ਜ਼ਰੂਰ ਕਦੇ ਨਾ ਕਦੇ ਓਧਰ ਜਾ ਆਈਦਾ ਹੈ ਅਤੇ ਸ਼ਾਹਮੁਖੀ ਬਾਰੇ ਸਿੱਖਣ ਲਈ ਵੀ ਤਲਬ ਲੱਗੀ ਰਹਿੰਦੀ ਹੈ। ਧਰਤੀ 'ਤੇ ਦੋਹਾਂ ਪੰਜਾਬਾਂ ਦੇ ਵਿਚਕਾਰ ਲੀਕਾਂ ਤਾਂ ਜ਼ਰੂਰ ਹਨ। ਪਰ ਇਹ ਕਦੇ ਵੀ ਸਾਡੇ ਦਿਲਾਂ ਵਿਚ ਨਹੀਂ ਪਈਆਂ। ਫਿਰ ਮੈਂ ਇਕ ਦਿਨ ਬੈਠੇ ਨੇ ਸੋਚਿਆ ਕਿ ਕਿਉਂ ਨਾ ਆਪਣੀ ਮੋਹਰ ਭਾਵ ਮੇਰੇ ਦਸਤਖ਼ਤ ਵਿਚ ਹੀ ਦੋਨਾਂ ਪੰਜਾਬਾਂ ਨੂੰ ਲਿਖ ਕੇ ਜੋੜ ਦੇਵਾਂ ਅੱਧਾ ਗੁਰਮੁਖੀ ਅਤੇ ਬਾਕੀ ਸ਼ਾਹਮੁਖੀ 'ਚ। ਜਦੋਂ ਕਦੇ ਵੀ ਆਪਣੀ ਕਲਮ ਨਾਲ ਦਸਤਖ਼ਤ ਕਰਾਂ ਤਾਂ ਦੋਨਾਂ ਦੀ ਗਲਵੱਕੜੀ ਪੈ ਜਾਵੇ।ਜਦੋਂ ਪ੍ਰੋਫੈਸਰ ਸਾਹਿਬ ਨੇ ਇੰਜ ਪੁੱਛਿਆ ਕਿ ਇਹ ਕਿਵੇਂ ਦੇ ਸਿਗਨੇਚਰ ਨੇ ਤਾਂ ਮੈਨੂੰ ਲੱਗਿਆ ਕਿ ਸੋਹਣੀ ਦਸਤਾਰ ਅਤੇ ਚਿੱਟੀ ਦਾੜ੍ਹੀ ਵਾਲੇ ਸਰਦਾਰ ਦੇ ਦਿਲ 'ਚ ਵੀ ਪੰਜਾਬੀ ਬੋਲੀ ਪ੍ਰਤੀ ਇੰਨਾ ਹੀ ਪਿਆਰ ਹੋਣਾ ਪਰ ਗੱਲ ਇਸ ਦੇ ਬਿਲਕੁਲ ਉਲਟ ਨਿਕਲੀ। ਉਨ੍ਹਾਂ ਮੇਰੇ ਕਾਰਡ ਕਮਰੇ ਦੀ ਦੂਜੀ ਗੁੱਠੇ ਦੇ ਮਾਰੇ ਅਤੇ ਕਹਿਣ ਲੱਗੇ, 'ਕਾਕਾ! ਜੇ ਤੂੰ ਸਾਈਨ ਕਰਵਾਉਣੇ ਹਨ ਤਾਂ ਇਨ੍ਹਾਂ ਨੂੰ ਕੱਟ ਕੇ ਅੰਗਰੇਜ਼ੀ 'ਚ ਦਸਤਖਤ ਕਰ।' ਮੈਂ ਉਨ੍ਹਾਂ ਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਰ! ਦਸਤਖਤ ਦੀ ਕੋਈ ਭਾਸ਼ਾ ਨਹੀਂ ਹੁੰਦੀ। ਇਹ ਕਿਸੇ ਵੀ ਤਰੀਕੇ ਨਾਲ ਕੀਤੇ ਜਾ ਸਕਦੇ ਹਨ। ਇਹ ਗੱਲ ਸੁਣ ਕੇ ਸਬੰਧਤ ਪ੍ਰੋਫੈਸਰ ਨੇ ਕਿਹਾ, 'ਮੈਨੂੰ ਨਹੀਂ ਪਤਾ ਤੇਰੀ ਭਾਸ਼ਾ-ਭੂਸ਼ਾ ਦਾ। ਜੇ ਮੇਰੇ ਸਾਈਨ ਕਰਵਾਉਣੇ ਹਨ ਤਾਂ ਜਿਵੇਂ ਮੈਂ ਕਿਹਾ ਰਿਹਾ ਹਾਂ, ਉਵੇਂ ਕਰਨਾ ਪੈਣਾ ਹੈ।' ਇਕ ਵਾਰ ਤਾਂ ਮੇਰਾ ਦਿਮਾਗ ਸੁੰਨ ਹੋ ਗਿਆ। ਉਸੇ ਕਤਾਰ 'ਚ ਮੇਰੇ ਜੂਨੀਅਰ ਵੀ ਲੱਗੇ ਹੋਏ ਸਨ। ਉਨ੍ਹਾਂ ਸਾਹਮਣੇ ਆਪਣੀ ਹੋਈ ਹੇਠੀ ਅੰਦਰੋ-ਅੰਦਰੀ ਮੈਂ ਪੀ ਗਿਆ। ਕਈ ਤਾਂ ਮੁਸਕੜੀ ਹੱਸਦੇ ਆਖਣ ਕਿ ਇਹ ਪੰਜਾਬੀ ਦਾ ਵੱਡਾ ਪਹਿਰੇਦਾਰ ਬਣਿਆ ਫਿਰਦਾ ਸੀ, ਨਿਕਲ ਗਈ ਨਾ ਚੌਧਰ! ਮੈਂ ਚੂਰ ਹੋ ਕੇ ਇਕਦਮ ਬਾਹਰ ਆ ਗਿਆ। ਡਿਗਰੀ ਛੇ ਮਹੀਨੇ ਪਹਿਲਾਂ ਹੀ ਲੇਟ ਸੀ। ਕਿਧਰੇ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੁੰਦਾ ਬਾਪੂ ਯਾਦ ਆਵੇ ਤੇ ਕਿਧਰੇ ਡਿਗਰੀ ਅਤੇ ਨੌਕਰੀ ਲਈ ਗੁਰਦੁਆਰੇ 'ਚ ਅਰਦਾਸਾਂ ਕਰਦੀ ਮਾਂ ਯਾਦ ਆਵੇ। ਇਹ ਵੀ ਸੋਚਿਆ ਕਿ ਪ੍ਰੋਫੈਸਰ ਸਾਹਿਬ ਦੇ ਦਸਤਖਤ ਤੋਂ ਬਿਨਾਂ ਮੇਰੇ ਕਾਰਡ ਜਮ੍ਹਾਂ ਨਹੀਂ ਹੋਣੇ। ਜੇ ਕਾਰਡ ਜਮ੍ਹਾਂ ਨਾ ਹੋਏ ਤਾਂ ਮੇਰਾ ਖੋਜ ਪੱਤਰ ਵੀ ਜਮ੍ਹਾਂ ਨਹੀਂ ਹੋ ਸਕਣਾ। ਆਖ਼ਰ ਕੌੜਾ ਘੁੱਟ ਭਰ ਕੇ ਤੇ ਆਪਣੀ ਜ਼ਮੀਰ ਨੂੰ ਮਾਰ ਕੇ ਮੈਂ ਆਪਣੇ ਹੱਥੀਂ ਫਿਰ ਦੋਵਾਂ ਪੰਜਾਬਾਂ ਵਿਚਕਾਰ ਲੀਕ ਵਾਹ ਦਿੱਤੀ ਜਿਸ ਲਕੀਰ ਦਾ ਮੈਂ ਸ਼ੁਰੂ ਤੋਂ ਹੀ ਵਿਰੋਧੀ ਰਿਹਾ ਹਾਂ। ਮੈਨੂੰ ਮੁੜ ਤੋਂ ਆਪਣਾ-ਆਪ ਗੁਲਾਮ ਹੋਇਆ ਜਾਪਣ ਲੱਗਾ। ਕਾਰਡ ਜਮ੍ਹਾਂ ਕਰਾ ਕੇ ਹੋਸਟਲ ਨੂੰ ਵਾਪਸ ਜਾਂਦਾ ਆਪਣੇ-ਆਪ ਨੂੰ ਲਾਹਨਤਾਂ ਪਾਉਂਦਾ ਰਿਹਾ ਕਿ ਕਿੱਥੇ ਤਾਂ ਮੈਂ ਯੂਨੀਵਰਸਿਟੀ ਦੇ ਭਾਸ਼ਣਾਂ ਵਿਚ ਵਿਦਿਆਰਥੀਆਂ ਨੂੰ ਹੋ ਰਹੇ ਧੱਕਿਆਂ ਵਿਰੁੱਧ ਜ਼ਮੀਰ ਜਗਾ ਕੇ ਆਵਾਜ਼ ਬੁਲੰਦ ਕਰਨ ਲਈ ਕਹਿੰਦਾ ਹੁੰਦਾ ਸੀ। ਅੱਜ ਮੈਂ ਆਪਣੀ ਹੀ ਜ਼ਮੀਰ ਮਾਰ ਕੇ ਔਹ ਜਾ ਰਿਹਾ ਹਾਂ। ਉਸ ਵਕਤ ਉਸਤਾਦ ਦਾਮਨ ਜਿਵੇਂ ਮੈਨੂੰ ਫ਼ਿਟਕਾਰ ਪਾਉਂਦਾ ਪ੍ਰਤੀਤ ਹੋਇਆ :
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ।
ਗੋਦੀ ਜਿਦ੍ਹੀ 'ਚ ਪਲ ਕੇ ਜਵਾਨ ਹੋਇਓਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ,
ਜਿੱਥੇ ਖਲਾ ਖਲੋਤਾ ਉਹ ਥਾਂ ਛੱਡ ਦੇ ।
ਮੈਨੂੰ ਇੰਜ ਲੱਗਦਾ, ਲੋਕੀਂ ਆਖਦੇ ਨੇ,
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।
ਇਹ ਗੱਲ ਮੈਨੂੰ ਰੋਜ਼ ਹੀ ਖਾਣ ਨੂੰ ਆਉਂਦੀ ਸੀ। ਕਈ ਦਿਨ ਹੋਸਟਲ ਦੇ ਕਮਰੇ 'ਚੋਂ ਬਾਹਰ ਨਾ ਨਿਕਲਿਆ ਪਰ ਆਲਸੀ ਰਹਿ ਕੇ ਵੀ ਨਹੀਂ ਸੀ ਸਰਨਾ। ਆਖਰ ਕਈ ਦਿਨਾਂ ਦੀ ਨਮੋਸ਼ੀ ਪਿੱਛੋਂ ਹਿੰਮਤ ਕਰ ਕੇ ਮੁੜ ਸੁਰਜੀਤ ਹੋਣ ਬਾਰੇ ਸੋਚਿਆ। ਸਖ਼ਤ ਮਿਹਨਤ ਤੋਂ ਬਾਅਦ ਆਪਣਾ ਖੋਜ ਪੱਤਰ ਮੁਕੰਮਲ ਕਰ ਕੇ ਜਮ੍ਹਾਂ ਕਰਾਉਣ ਤੋਂ ਬਾਅਦ ਉਸੇ ਹੀ ਪ੍ਰੋਫੈਸਰ ਕੋਲ ਆਪਣੀ ਖੋਜ ਵਾਲੀ ਕਿਤਾਬ ਲੈ ਕੇ ਗਿਆ। ਇਸ ਵਾਰ ਮੈਂ ਬੜੇ ਧੜੱਲੇ ਤੇ ਹੌਸਲੇ ਨਾਲ ਉਨ੍ਹਾਂ ਨੂੰ ਕਿਹਾ ਕਿ ਡਾਕਟਰ ਸਾਹਿਬ, ਪਛਾਣ ਲਿਆ ਜੇ? ਮੈਂ ਉਹੀ ਆਂ ਜੀਹਨੂੰ ਤੁਸੀਂ ਪੰਜਾਬੀ 'ਚ ਦਸਤਖਤ ਕਰਨ 'ਤੇ ਬੜਾ ਬੇਇੱਜ਼ਤ ਕੀਤਾ ਸੀ। ਆਹ ਦੇਖੋ ਜਿੱਥੇ ਇਕ ਪੰਨੇ 'ਤੇ ਅੰਗਰੇਜ਼ੀ 'ਚ ਅਤੇ ਦੂਜੇ 'ਤੇ ਪੰਜਾਬੀ 'ਚ ਦਸਤਖ਼ਤ ਕਰਨ ਨੂੰ ਯੂਨੀਵਰਸਿਟੀ ਕਹਿੰਦੀ।ਪਰ ਮੈਂ ਦੋਨਾਂ ਉੱਤੇ ਪੰਜਾਬੀ 'ਚ ਦਸਤਖਤ ਕੀਤੇ ਅਤੇ ਤੁਹਾਡੀ ਹੀ ਯੂਨੀਵਰਸਿਟੀ ਨੇ ਪ੍ਰਵਾਨ ਕੀਤਾ ਹੈ ਪਰ ਤੁਸੀਂ ਮੈਨੂੰ ਉਸ ਦਿਨ ਅਪਮਾਨਿਤ ਕਰ ਕੇ ਮੇਰਾ ਪੰਜਾਬੀ ਬੋਲੀ ਪ੍ਰਤੀ ਹੋਰ ਪਿਆਰ ਵਧਾ ਦਿੱਤਾ ਹੈ। ਮੈਂ ਉਸ ਦਿਨ ਵੀ ਕਿਹਾ ਸੀ ਕਿ ਦਸਤਖਤ ਦੀ ਕੋਈ ਭਾਸ਼ਾ ਨਹੀਂ ਹੁੰਦੀ। ਪ੍ਰੋਫੈਸਰ ਸ਼ਾਂਤ ਬੈਠਾ ਮੇਰੇ ਮੂੰਹ ਵੱਲ ਦੇਖਦਾ ਰਿਹਾ। ਇੰਨੀਆਂ ਗੱਲਾਂ ਕਰ ਕੇ ਮੈਂ ਧੰਨਵਾਦ ਕਹਿ ਕੇ ਬਾਹਰ ਆ ਗਿਆ। ਮੈਨੂੰ ਮਾਣ ਨਾਲ ਆਪਣਾ ਕੱਦ ਹੋਰ ਉੱਚਾ ਜਾਪਣ ਲੱਗਾ ਅਤੇ ਮੈਂ ਖ਼ੁਸ਼ੀ-ਖ਼ੁਸ਼ੀ ਅਫਜ਼ਲ ਸਾਹਿਰ ਦੇ ਬੋਲ ਗਾ ਰਿਹਾ ਸਾਂ :ਅੱਜ ਇਕ ਨਿਮਾਣਾ ਬੋਲਿਆ, ਕੱਲ੍ਹ ਬੋਲਣਗੇ ਕਈ ਹੋਰ। ਫਿਰ ਚੋਏ ਸਮੁੰਦਰ ਬਣ ਕੇ, ਤੁਰਨ ਕੋਈ ਐਸੀ ਤੋਰ। ਹੱਕ ਮੰਗੀਏ ਇਕਮੁੱਠ ਹੋ ਕੇ, ਕਿ ਜਗ ਵਿਚ ਪੈ ਜਾਏ ਸ਼ੋਰ। ਇਹ ਧਰਤੀ ਆਖੇ ਮਾਣ ਨਾਲ, ਮੇਰੇ ਪੁੱਤ ਨਹੀਂਓਂ ਕਮਜ਼ੋਰ।
ਗੁਰਵਿੰਦਰ ਸਿੰਘ ਮੋਹਾਲੀ


   
  
  ਮਨੋਰੰਜਨ


  LATEST UPDATES











  Advertisements