View Details << Back

ਪੰਜਾਬੀਆਂ ਦੇ ਵਧਦੇ ਮੋਟਾਪੇ ਅਤੇ ਹਾਈ ਬਲੱਡ ਪਰੈਸ਼ਰ ਤੋਂ ਫ਼ਿਕਰਮੰਦ ਹੋਇਆ ਸਿਹਤ ਵਿਭਾਗ
ਜਾਗੁਰਕਤਾ ਕੈਂਪ ਦਾ ਆਯੋਜਨ

ਸੰਗਰੂਰ, 7 ਸਤੰਬਰ ( ਯਾਦਵਿੰਦਰ ) ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ ਰੇਨੂੰਕਾ ਕਪੂਰ ਨੇ ਸਥਾਨਕ ਜ਼ਿਲ੍ਹਾ ਪ੍ਬੰਧਕੀ ਕੰਪਲੈਕਸ ਵਿਖੇ ਵਿਭਾਗ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਕੱਲ੍ਹ ਬਹੁਤ ਹੀ ਵਿਅਸਤ ਲਾਈਫਸਟਾਈਲ, ਖਾਣ-ਪੀਣ ਦੀਆਂ ਗ਼ਲਤ ਆਦਤਾਂ ਦੇ ਕਾਰਨ ਅੱਜ ਦੀ ਨੌਜਵਾਨ ਪੀੜ੍ਹੀ ਕਈ ਗੰਭੀਰ ਬਿਮਾਰੀਆਂ ਦੀ ਲਪੇਟ 'ਚ ਆ ਰਹੀ ਹੈ ਅਤੇ ਆਯੂਰਵੈਦਿਕ ਵਿਭਾਗ ਦੇ ਹਰ ਕਰਮਚਾਰੀ ਦੀ ਇਹ ਡਿਊਟੀ ਬਣਦੀ ਹੈ ਕਿ ਆਮ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਕੱਲ ਮੋਟਾਪਾ ਇਕ ਇਸ ਤਰ੍ਹਾਂ ਦੀ ਸਮੱਸਿਆ ਬਣ ਚੁੱਕਿਆ ਹੈ, ਜਿਸ ਨਾਲ ਜ਼ਿਆਦਾਤਰ ਲੋਕ ਪਰੇਸ਼ਾਨ ਹਨ। ਗੌਰ ਕਰਨ ਵਾਲੀ ਗੱਲ ਹੈ ਕਿ ਇਸ ਨੂੰ ਮਾਮੂਲੀ ਮੋਟਾਪਾ ਹੀ ਸਮਝਿਆ ਜਾਂਦਾ ਹੈ ਅਤੇ ਇਸਦੀ ਗੰਭੀਰਤਾ ਨੂੰ ਨਹੀਂ ਸਮਝਦਿਆ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼ ਆਦਿ ਪਰੇਸ਼ਾਨੀਆਂ ਖ਼ਾਸ ਤੌਰ ਉੱਤੇ ਮੋਟਾਪੇ ਦਾ ਕਾਰਣ ਬਣ ਸਕਦੀਆਂ ਹਨ। ਡਾ ਰੇਨੂੰਕਾ ਕਪੂਰ ਨੇ ਵਿਭਾਗ ਦੇ ਕਰਮਚਾਰੀਆਂ ਨੂੰ ਕਿਹਾ ਕਿ ਆਮ ਜਨਤਾ ਨੂੰ ਇਹ ਜਾਣਕਾਰੀ ਦੇਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਆਰਾਮਦਾਇਕ ਲਾਈਫਸਟਾਈਲ, ਸਰੀਰਕ ਕਸਰਤ ਦੀ ਘਾਟ, ਜੰਕ ਫੂਡ, ਘਿਓ-ਤੇਲ ਤੇ ਖੰਡ, ਸਾਫਟ ਡਰਿੰਕ ਤੇ ਐਲਕੋਹਲ ਦਾ ਸੇਵਨ ਕਰਨਾ ਆਦਿ ਕਾਰਨ ਸਰੀਰ 'ਚ ਚਰਬੀ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿਸ ਕਰਕੇ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਲੈਸਟਰੋਲ ਬਲੱਡ ਵੇਸੈਲਸ ਦੀ ਅੰਦਰ ਦੀਵਾਰਾਂ ਵਿੱਚ ਮੌਜੂਦ ਇਕ ਚਿਪਚਿਪਾ ਪਦਾਰਥ ਹੁੰਦਾ ਹੈ। ਮਾੜੇ ਕੋਲੈਸਟਰੋਲ ਦੀ ਫੈਟ ਬਲੱਡ ਵੇਸੈੱਲਸ 'ਚ ਜੰਭੀ ਹੁੰਦੀ ਹੈ। ਇਸ ਨਾਲ ਹਾਰਟ ਅਟੈਕ ਤੇ ਬ੍ਰੇਨ ਸਟ੍ਰੋਕ ਦਾ ਖ਼ਤਰਾ ਵਧ ਜਾਂਦਾ ਹੈ। ਮੋਟਾਪੇ ਅਤੇ ਮਾੜੇ ਕੋਲੈਸਟਰੋਲ ਤੋਂ ਬਚਾਅ ਲਈ ਮੈਦਾ, ਘਿਓ-ਤੇਲ, ਜੰਕ ਫੂਡ, ਮਿਠਾਈਆਂ, ਚਾਕਲੇਟ, ਕੇਕ-ਪੇਸਟ੍ਰੀ ਤੇ ਐਲਕੋਹਲ ਤੋਂ ਦੂਰ ਰਹਿਣ ਬਾਰੇ ਜਾਣਕਾਰੀ ਦਿੱਤੀ। ਡਾ ਰੇਨੂੰਕਾ ਕਪੂਰ ਨੇ ਰੋਜ਼ਾਨਾ ਦੇ ਖਾਣ-ਪੀਣ 'ਚ ਵੀ ਖੰਡ ਦੀ ਸੀਮਿਤ ਮਾਤਰਾ ਰੱਖਣ, ਲਿਫਟ ਦੀ ਬਜਾਏ ਪੌੜੀਆਂ ਦਾ ਇਸਤੇਮਾਲ ਕਰੋ, ਸੈਰ ਕਰਨ ਅਤੇ ਥੋੜ੍ਹੀ ਜਿਹੀ ਦੂਰੀ ਲਈ ਤੁਰਕੇ ਜਾਣ ਨੂੰ ਫਾਇਦੇਮੰਦ ਦੱਸਿਆ।ਸੁਪਰਡੈਂਟ ਆਯੂਰਵੈਦਾ ਸ਼੍ਰੀ ਰਾਕੇਸ਼ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਯੂਰਵੈਦਿਕ ਵਿਭਾਗ ਜ਼ਿਲ੍ਹੇ ਵਿੱਚ ਆਯੂਰਵੈਦ ਅਤੇ ਯੂਨਾਨੀ ਇਲਾਜ ਪ੍ਰਣਾਲੀਆਂ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਨਾਲ ਆਮ ਜਨਤਾ ਦੇ ਹਿੱਤ ਵਿੱਚ ਸਿਹਤ ਸਬੰਧੀ ਵਡਮੁੱਲੀ ਜਾਣਕਾਰੀ ਸੈਮੀਨਾਰਾਂ ਕੈਂਪਾਂ ਰਾਹੀਂ ਦਿੰਦਾ ਰਹਿੰਦਾ ਹੈ। ਇਸ ਮੌਕੇ ਉੱਤੇ ਹੋਰਾਂ ਤੋਂ ਇਲਾਵਾ ਨਿਵੇਦਿਤਾ ਸ਼ਰਮਾ ਸ਼੍ਰੀ ਰਾਮ ਸਰੂਪ, ਸ. ਮਾਲਵਿੰਦਰ ਸਿੰਘ, ਸ਼੍ਰੀ ਕਰਮਜੀਤ ਪਾਲ, ਸ਼੍ਰੀ ਹਰਪ੍ਰੀਤ ਸਿੰਘ ਭੰਡਾਰੀ, ਸ਼੍ਰੀ ਯੋਗੇਸ਼ ਸ਼ਰਮਾ, ਸ਼੍ਰੀ ਕੁਲਦੀਪ ਸਿੰਘ, ਸ਼੍ਰੀਮਤੀ ਸਵਿੰਦਰਜੀਤ ਕੌਰ, ਸ਼੍ਰੀਮਤੀ ਈਸ਼ਾ ਗੋਇਲ ਵੀ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements