View Details << Back

ਅਸਮਾਨ ਤੇ ਚੜੇ ਘਟੇ ਕਾਰਨ ਬੁਖਾਰ, ਖੰਗ, ਤੇ ਜ਼ੁਕਾਮ ਦੀ ਆਮਦ ਨਾਲ ਆਮ ਜਨਤਾ ਪ੍ਰੇਸ਼ਾਨ
ਸਿਹਤ ਵਿਭਾਗ ਦੀ ਜਾਗਰੂਕਤਾ ਮੁਹਿੰਮ ਦੀ ਸਪੀਡ ਘਟੀ,ਡੇੰਗੂ ਦੇ 8 ਮਰੀਜਾਂ ਦੀ ਪੁਸ਼ਟੀ

ਭਵਾਨੀਗੜ੍ਹ, 30 ਅਕਤੂਬਰ (ਗੁਰਵਿੰਦਰ ਸਿੰਘ):ਅਸਮਾਨ ਤੇ ਚੜੇ ਮਿਟੀ ਘਟੇ ਕਾਰਨ ਜਿਥੇ ਬੁਖਾਰ, ਖੰਗ, ਤੇ ਜ਼ੁਕਾਮ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਓਥੇ ਹੀ ਇਲਾਕੇ ਵਿੱਚ ਡੇਂਗੂ ਦਾ ਪ੍ਰਕੋਪ ਦਿਨੋਂ ਦਿਨ ਵਧ ਰਿਹਾ ਹੈ। ਮੌਸਮ ਡੇੰਗੂ ਦੇ ਅਨੁਕੂਲ ਹੋਣ ਕਰਕੇ ਸ਼ੱਕੀ ਮਰੀਜ਼ ਲਗਾਤਾਰ ਸਾਹਮਣੇ ਆ ਰਹੇ ਹਨ ਤੇ ਜੇਕਰ ਸਰਕਾਰੀ ਆਂਕੜਿਆ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਵਿਭਾਗ ਵੱਲੋਂ ਇਸ ਸੀਜਨ ਦੌਰਾਨ ਹੁਣ ਤੱਕ ਭਵਾਨੀਗੜ ਬਲਾਕ 'ਚੋਂ 8 ਡੇੰਗੂ ਪੀੜ੍ਹਤ ਮਰੀਜਾਂ ਦੀ ਪੁਸ਼ਟੀ ਕਰ ਰਿਹਾ ਹੈ। ਮਰੀਜ ਇਲਾਜ ਤੋਂ ਬਾਅਦ ਠੀਕ ਦੱਸੇ ਜਾ ਰਹੇ ਹਨ। ਭਾਵੇਂ ਕਿ ਇਸ ਸੀਜਨ ਦੌਰਾਨ ਡੇੰਗੂ ਦੇ ਮਾਮਲਿਆਂ ਵਿੱਚ ਕਾਫੀ ਕਮੀ ਆਈ ਹੈ ਪਰੰਤੂ ਬੁਖਾਰ ਆਦਿ ਦੀ ਚਪੇਟ 'ਚ ਆਉੰਣ ਕਾਰਣ ਵੱਡੀ ਗਿਣਤੀ ਵਿੱਚ ਮਰੀਜ ਸ਼ਹਿਰ ਦੇ ਨਿੱਜੀ ਹਸਪਤਾਲਾਂ 'ਚ ਬੈੱਡ ਮੱਲੀ ਪਏ ਹਨ ਤੇ ਨਾਲ ਹੀ ਪ੍ਰਾਈਵੇਟ ਮੈਡੀਕਲ ਲੈਬੋਰੇਟਰੀਆਂ ਵਿੱਚ ਮਰੀਜਾਂ ਦਾ ਟੈਸਟ ਕਰਵਾਉਣ ਲਈ ਤਾਂਤਾ ਲੱਗਿਆ ਦੇਖਿਆ ਜਾ ਸਕਦਾ ਹੈ। ਜਿਸ ਕਾਰਨ ਲੋਕਾਂ ਵਿੱਚ ਡੇੰਗੂ ਨੂੰ ਲੈ ਕੇ ਡਰ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪਿਛਲੇ ਦਿਨਾਂ ਦੌਰਾਨ ਸ਼ਹਿਰ ਵਿੱਚ ਇੱਕ ਵਿਅਕਤੀ ਦੀ ਡੇਂਗੂ ਨਾਲ ਮੌਤ ਹੋ ਵੀ ਹੋ ਚੁੱਕੀ ਹੈ। ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਇਲਾਕੇ ਵਿੱਚ ਚਲਾਈ ਜਾਗਰੂਕਤਾ ਮੁਹਿੰਮ 'ਤੇ ਕਈ ਤਰਾਂ ਦੇ ਸਵਾਲ ਖੜੇ ਹੋ ਗਏ ਹਾਲਾਂਕਿ ਸਿਹਤ ਵਿਭਾਗ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਓਧਰ ਲੋਕਾਂ ਦਾ ਕਹਿਣਾ ਹੈ ਕਿ ਚਾਹੇ ਪਿਛਲੇ ਸਾਲਾਂ ਨਾਲੋਂ ਇਸ ਬਾਰ ਡੇੰਗੂ ਦਾ ਕਹਿਰ ਘੱਟ ਹੈ ਲੇਕਿਨ ਇਸ ਗੱਲ ਨੂੰ ਲੈ ਕੇ ਸਿਹਤ ਵਿਭਾਗ ਨੂੰ ਅਪਣੀ ਜੁੰਮੇਵਾਰੀ ਤੋਂ ਅਵੇਸਲਾ ਨਹੀਂ ਹੋਣਾ ਚਾਹੀਦਾ। ਸ਼ਹਿਰ ਵਾਸੀ ਵਰਿੰਦਰ ਸਿੰਗਲਾ, ਨਰਿੰਦਰ ਜੈਨ, ਸੁਨੀਲ ਕੁਮਾਰ, ਸੰਜੈ ਕੁਮਾਰ, ਹਰਭਜਨ ਸਿੰਘ, ਸੁਖਚੈਨ ਸਿੰਘ ਆਦਿ ਨੇ ਕਿਹਾ ਕਿ ਦੇਖਿਆ ਗਿਆ ਹੈ ਕਿ ਸੀਜਨ ਦੀ ਸ਼ੁਰੂਆਤ ਸਮੇਂ ਸਿਹਤ ਵਿਭਾਗ ਦੇ ਮੁਲਾਜ਼ਮ ਪੂਰੇ ਜੋਰਸ਼ੋਰ ਨਾਲ ਲੋਕਾਂ ਨੂੰ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੇ ਉਸ ਦੇ ਬਚਾਅ ਬਾਰੇ ਜਾਗਰੂਕ ਕਰਦੇ ਹਨ ਪਰੰਤੂ ਸਮਾਂ ਲੰਘਣ ਦੇ ਨਾਲ ਮੁਲਾਜ਼ਮ ਵੀ ਅਪਣੀ ਜੁੰਮੇਵਾਰੀ ਤੋਂ ਮੂੰਹ ਮੋੜ ਲੈੰਦੇ ਹਨ ਤੇ ਲੋਕ ਬਿਮਾਰੀਆਂ ਦੀ ਲਪੇਟ ਆ ਜਾਂਦੇ ਹਨ। ਲੋਕਾਂ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਇਨ੍ਹਾਂ ਦਿਨਾਂ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਲੋਕਾਂ ਅੰਦਰੋਂ ਡੇੰਗੂ ਦਾ ਡਰ ਨਿਕਲ ਸਕੇ। ਇਸ ਸਬੰਧੀ ਸਿਵਲ ਸਰਜਨ ਦਫ਼ਤਰ ਸੰਗਰੂਰ 'ਚ ਤਾਇਨਾਤ ਨੋਡਲ ਅਫ਼ਸਰ ਡਾ. ਉਪਾਸਨਾ ਬਿੰਦਰਾ ਨੇ ਕਿਹਾ ਕਿ ਅਟੀ ਲਾਰਵਾ ਅਕਟੀਵਿਟੀ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੰਦੇ ਹਾਂ। ਓਧਰ ਦੂਜੇ ਪਾਸੇ ਲੋਕ ਨਗਰ ਕੌੰਸਲ ਦੀ ਕਾਰਜਗੁਜਾਰੀ 'ਤੇ ਵੀ ਅਸੰਤੁਸ਼ਟੀ ਜਾਹਿਰ ਕਰ ਰਹੇ ਹਨ, ਲੋਕਾਂ ਨੇ ਕਿਹਾ ਕਿ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਚਪੇਟ 'ਚ ਆ ਕੇ ਲੋਕ ਬਿਮਾਰ ਹੋ ਰਹੇ ਹਨ ਪਰੰਤੂ ਸ਼ਹਿਰ ਦੇ ਕਿਸੇ ਵੀ ਖੇਤਰ ਵਿੱਚ ਨਗਰ ਕੌੰਸਲ ਵੱਲੋਂ ਫੌਗਿੰਗ ਨਹੀ ਕਰਵਾਈ ਗਈ ਤੇ ਨਾ ਹੀ ਮੁਲਾਜ਼ਮ ਟੀਮਾਂ ਬਣਾ ਕੇ ਡੇੰਗੂ ਦੇ ਲਾਰਵੇ ਦੀ ਜਾਂਚ ਕਰਕੇ ਉਸਨੂੰ ਨਸ਼ਟ ਕਰਵਾ ਰਹੇ ਹਨ। ਇਸ ਸਬੰਧੀ ਨਗਰ ਕੌੰਸਲ ਦੇ ਸੇਨੇਟਰੀ ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਅਗਸਤ ਤੋਂ ਲੈ ਕੇ ਹੁਣ ਤੱਕ ਚੈਕਿੰਗ ਦੌਰਾਨ ਲੋਕਾਂ ਦੇ ਘਰਾਂ ਆਦਿ 'ਚੋਂ ਡੇੰਗੂ ਦਾ ਲਾਰਵਾ ਮਿਲਣ 'ਤੇ 31 ਚਲਾਣ ਨਗਰ ਕੌੰਸਲ ਵੱਲੋਂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਫੌਗਿੰਗ ਕਰਵਾਈ ਜਾ ਰਹੀ ਤੇ ਹਾਈਵੇ ਕਿਨਾਰੇ ਬਣੇ ਨਿਕਾਸੀ ਨਾਲਿਆਂ ਦੀ ਸਫਾਈ ਵੀ ਜਲਦ ਕਰਵਾ ਦਿੱਤੀ ਜਾਵੇਗੀ।

   
  
  ਮਨੋਰੰਜਨ


  LATEST UPDATES











  Advertisements