View Details << Back

550 ਸਾਲਾ ਪ੍ਰਕਾਸ਼ ਪੂਰਵ ਤੇ ਸੂਬਾ ਸਰਕਾਰ ਵਲੋਂ ਲਾਏ ਬੂਟੇ ਪਰਾਲੀ ਨੂੰ ਲਾਈ ਅੱਗ ਦੀ ਲਪੇਟ ਚ ਆਏ
ਸੂਬਾ ਸਰਕਾਰ ਦੀ 'ਹਰਿਆਵਲ ਮੁਹਿੰਮ' ਨੂੰ ਲੱਗ ਰਹੀ ਢਾਹ -

ਭਵਾਨੀਗੜ, 2 ਨਵੰਬਰ (ਗੁਰਵਿੰਦਰ ਸਿੰਘ): ਮਨਾਹੀ ਦੇ ਬਾਵਜੂਦ ਇਲਾਕੇ 'ਚ ਕਿਸਾਨ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਕੇ ਵੱਡੇ ਪੱਧਰ 'ਤੇ ਖੇਤਾਂ ਵਿੱਚ ਬਚੀ ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਤਾਂ ਕਰ ਹੀ ਰਹੇ ਹਨ ਉੱਥੇ ਹੀ ਪਿੰਡ ਮੱਟਰਾਂ ਵਿੱਚ ਪੰਚਾਇਤ ਵੱਲੋਂ ਲਗਾਏ ਸੈੰਕੜੇ ਬੂਟੇ ਖੇਤਾਂ ਵਿੱਚ ਲਗਾਈ ਅੱਗ ਦੀ ਭੇੰਟ ਚੜ ਗਏ। ਜਿਸ ਤੋਂ ਬਾਅਦ ਪਿੰਡ ਵਾਸੀਆਂ ਤੇ ਪੰਚਾਇਤ ਦੇ ਨੁਮਾਇੰਦਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਪ੍ਰਸ਼ਾਸ਼ਨ ਤੋਂ ਇਸ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਜਗਤਾਰ ਸਿੰਘ ਨੇ ਪੱਤਰਕਾਰਾ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਮੌਕੇ ਵਿਸ਼ੇਸ਼ ਉਪਰਾਲਾ ਕਰਦਿਆਂ ਸੂਬੇ ਭਰ ਵਿੱਚ ਗਰਾਮ ਪੰਚਾਇਤਾਂ ਨੂੰ ਪੰਚਾਇਤੀ ਜਮੀਨਾਂ ਤੇ ਸਾਂਝੀਆਂ ਥਾਵਾਂ 'ਤੇ ਪੰਜ ਸੌ ਪੰਜਾਹ ਬੂਟੇ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਜਿਸ ਤਹਿਤ ਮੱਟਰਾਂ ਵਿੱਚ ਵੀ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਗੁਰੂ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਪਿੰਡ ਵਿੱਚ ਮੁਹਿੰਮ ਛੇੜ ਕੇ ਪੂਰੇ ਉਤਸ਼ਾਹ ਨਾਲ ਪੌਦੇ ਲਗਾਏ ਗਏ ਸਨ ਲੇਕਿਨ ਇੱਥੇ ਪੰਚਾਇਤੀ ਜ਼ਮੀਨ ਦੀ ਜਗ੍ਹਾ 'ਚ ਬਣੇ ਛੱਪੜ ਦੇ ਆਲੇ ਦੁਆਲੇ ਲੱਗੇ ਬੂਟਿਆਂ 'ਚੋਂ ਤਕਰੀਬਨ 150 - 200 ਬੂਟਾ ਜਮੀਨ ਦੇ ਨਾਲ ਲੱਗਦੇ ਖੇਤ ਦੇ ਕਿਸਾਨ ਵੱਲੋਂ ਬੜੀ ਲਾਪ੍ਰਵਾਹੀ ਦਿਖਾ ਕੇ ਤੇ ਸਰਕਾਰ ਦੇ ਹੁਕਮਾ ਦੀ ਸਰੇਆਮ ਉਲੰਘਣਾ ਕਰਕੇ ਝੋਨੇ ਦੀ ਪਰਾਲੀ ਨੂੰ ਲਗਾਈ ਅੱਗ ਦੀ ਚਪੇਟ ਵਿੱਚ ਆ ਕੇ ਬੁਰੀ ਨਾਲ ਝੁੱਲਸ ਗਏ। ਇਸ ਮੌਕੇ ਉਨ੍ਹਾਂ ਨਾਲ ਹਾਜ਼ਰ ਸੁਖਬੀਰ ਸਿੰਘ, ਰਣਧੀਰ ਸਿੰਘ (ਦੋਵੇੰ ਪੰਚ), ਜਸਪਾਲ ਸਿੰਘ ਸਾਬਕਾ ਪੰਚ ਸਮੇਤ ਪਿੰਡ ਵਾਸੀ ਅਮਰੀਕ ਸਿੰਘ, ਬਿੱਕਰ ਸਿੰਘ, ਕੁਲਵੰਤ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਚਾਰ ਪੰਜ ਮਹੀਨਿਆਂ ਤੋਂ ਪੰਚਾਇਤ ਵੱਲੋਂ ਇਨ੍ਹਾਂ ਬੂਟਿਆਂ ਦੀ ਵਧੀਆ ਢੰਗ ਤਰੀਕੇ ਨਾਲ ਸਾਂਭ ਸੰਭਾਲ ਕੀਤੀ ਜਾ ਰਹੀ ਸੀ ਪਰੰਤੂ ਕਿਸਾਨ ਦੀ ਲਾਪਰਵਾਹੀ ਨੇ ਉਨ੍ਹਾਂ ਮਿਹਨਤ ਅਤੇ ਸੂਬਾ ਸਰਕਾਰ ਦੀ ਹਰਿਆਵਲ ਮੁਹਿੰਮ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ। ਉਨ੍ਹਾਂ ਦੱਸਿਆ ਸਖਤ ਕਾਰਵਾਈ ਨੂੰ ਲੈ ਕੇ ਪਿੰਡ ਦੀ ਪੰਚਾਇਤ ਵੱਲੋਂ ਜੰਗਲਾਤ ਮਹਿਕਮੇ ਸਮੇਤ ਅੇੈਸਡੀਅੈਮ ਭਵਾਨੀਗੜ ਦੇ ਧਿਆਨ ਵਿੱਚ ਪੂਰਾ ਮਾਮਲਾ ਲਿਆ ਦਿੱਤਾ ਗਿਆ ਹੈ। ਓਧਰ, ਬਲਾਕ ਵਿਕਾਸ ਪੰਚਾਇਤ ਅਫ਼ਸਰ ਭਵਾਨੀਗੜ ਪ੍ਰਵੇਸ਼ ਗੋਇਲ ਨੇ ਕਿਹਾ ਮਾਮਲੇ ਹੁਣ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ, ਸੋਮਵਾਰ ਨੂੰ ਜਾਂਚ ਕਰਕੇ ਉੱਚ ਅਧਿਕਾਰੀਆਂ ਨੂੰ ਇਸ ਦੀ ਰਿਪੋਰਟ ਦਿੱਤੀ ਜਾਵੇਗੀ।

   
  
  ਮਨੋਰੰਜਨ


  LATEST UPDATES











  Advertisements