View Details << Back

ਹੈਪੀ ਸੀਡਰ ਨਾਲ ਬੀਜੀ ਕਣਕ 'ਤੇ 'ਸੈਨਿਕ' ਸੁੰਡੀ ਦਾ ਹਮਲਾ
ਖੇਤੀ ਮਾਹਿਰਾਂ ਲਿਆ ਫਸਲ ਦਾ ਜਾਇਜਾ , ਕਿਸਾਨਾਂ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜੀ -

ਭਵਾਨੀਗੜ੍ਹ, 4 ਦਸੰਬਰ (ਗੁਰਵਿੰਦਰ ਸਿੰਘ )- ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਕੇ ਖੇਤੀਬਾੜੀ ਮਾਹਰਾਂ ਦੀ ਸ਼ਿਫਾਰਸ਼ ਅਨੁਸਾਰ ਪਰਾਲੀ ਨੂੰ ਬਿਨਾਂ ਅੱਗ ਲਗਾਏ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਵਾਲੇ ਪਿੰਡ ਘਰਾਚੋਂ ਦੇ ਇੱਕ ਕਿਸਾਨ ਦੀ ਫਸਲ 'ਤੇ 'ਸੈਨਿਕ' ਸੁੰਡੀ ਨੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਕਿਸਾਨ ਨਿਰਾਸ਼ਾ ਦੇ ਆਲਮ ਵਿੱਚ ਹੈ। ਇਸ ਸਬੰਧੀ ਨੌਜਵਾਨ ਕਿਸਾਨ ਤੇਗਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਝੋਨੇ ਦੀ ਵਢਾਈ ਕਰਨ ਤੋਂ ਬਾਅਦ ਕਰੀਬ 16 ਏਕੜ ਜਮੀਨ ਵਿੱਚ ਬਚੀ ਪਰਾਲੀ ਨੂੰ ਅੱਗ ਨਾ ਲਗਾ ਕੇ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਸੀ ਪਰੰਤੂ ਉਹ ਉਸ ਸਮੇਂ ਹੱਕਾ ਬੱਕਾ ਰਹਿ ਗਿਆ ਜਦੋਂ ਉਸਨੇ ਦੇਖਿਆ ਕਿ ਸੁੰਡੀ ਪੈਣ ਕਾਰਣ ਉਸਦੀ ਕਣਕ ਸੁੱਕਣੀ ਸ਼ੁਰੂ ਹੋ ਗਈ। ਜਿਸ ਉਪਰੰਤ ਉਸਨੇ ਤੁਰੰਤ ਖੇਤੀਬਾੜੀ ਮਾਹਿਰਾਂ ਨਾਲ ਸਪੰਰਕ ਕਰਕੇ ਉਨ੍ਹਾਂ ਦੀ ਸਲਾਹ ਨਾਲ ਫਸਲ 'ਤੇ ਸਪ੍ਰੇਅ ਕੀਤੀ ਤੇ ਮੌਕੇ 'ਤੇ ਕ੍ਰਿਸ਼ੀ ਵਿਗਿਆਨ ਕੇੰਦਰ ਖੇੜੀ ਦੇ ਅਧਿਕਾਰੀਆਂ ਨੇ ਅੱਜ ਉਸਦੀ ਫਸਲ ਦਾ ਜਾਇਜਾ ਲਿਆ। ਇਸ ਸਬੰਧੀ ਅੱਜ ਕਿਸਾਨ ਦੀ ਫਸਲ ਦਾ ਨਿਰਿਖਣ ਕਰਨ ਲਈ ਪਹੁੰਚੇ ਕ੍ਰਿਸ਼ੀ ਵਿਗਿਆਨ ਕੇੰਦਰ ਖੇੜੀ ਦੇ ਅਧਿਕਾਰੀਆਂ ਡਾ.ਮਨਦੀਪ ਸਿੰਘ ਤੇ ਡਾ. ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਇੱਥੇ ਪਹੁੰਚ ਕੇ ਕਿਸਾਨ ਦੀ ਫਸਲ ਦਾ ਜਾਇਜਾ ਲਿਆ ਹੈ ਜਿਸਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਉਕਤ ਕਿਸਾਨ ਵੱਲੋਂ ਕਣਕ ਦੀ ਬਿਜਾਈ ਅਗੇਤੀ ਹੋਣ ਕਾਰਨ ਉਸਦੀ ਫਸਲ 'ਤੇ 'ਸੈਨਿਕ' ਅਤੇ 'ਗੁਲਾਬੀ' ਸੁੰਡੀ ਨੇ ਹਮਲਾ ਕੀਤਾ ਹੈ ਜੋ ਸ਼ਾਮ ਸਮੇਂ ਨਿਕਲ ਕੇ ਕਣਕ ਦੇ ਪੱਤਿਆ ਨੂੰ ਖਾਂਦੀ ਹੈ। ਜਿਸਦੀ ਰੋਕਥਾਮ ਲਈ ਕਿਸਾਨ ਨੂੰ ਇੱਕ ਦਵਾਈ ਬਾਰੇ ਸਪ੍ਰੇਅ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ ਜਿਸਨੂੰ ਅਸਰ ਦਿਖਾਉਣ ਵਿੱਚ 24 ਤੋਂ 48 ਘੰਟਿਆਂ ਦਾ ਸਮਾਂ ਲੱਗੇਗਾ। ਡਾ. ਮਨਦੀਪ ਸਿੰਘ ਨੇ ਕਿਸਾਨ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਸੁੰਡੀ ਤੋਂ ਘਬਰਾਉਣ ਦੀ ਜਰੂਰਤ ਨਹੀਂ, ਸੁਝਾਇਆ ਗਿਆ ਕੀਟਨਾਸ਼ਕ ਇਸ ਸੁੰਡੀ ਨੂੰ ਖਤਮ ਕਰ ਦੇਵੇਗਾ। ਓਧਰ, ਦੂਜੇ ਪਾਸੇ ਮੌਕੇ 'ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਸਤਵਿੰਦਰ ਸਿੰਘ ਘਰਾਚੋਂ, ਜਿੰਦਰ ਸਿੰਘ, ਰਘੁਵੀਰ ਸਿੰਘ ਇਕਾਈ ਪ੍ਰਧਾਨ, ਜਸਵੀਰ ਸਿੰਘ ਗੱਗੜਪੁਰ, ਕੁਲਵੰਤ ਸਿੰਘ ਗੱਗੜਪੁਰ, ਮੇਜਰ ਸਿੰਘ ਘਰਾਚੋਂ, ਪਰਮਿੰਦਰ ਘਰਾਚੋਂ, ਗੁਰਭੇਜ ਸਿੰਘ, ਤਰਨਵੀਰ ਸਿੰਘ, ਰਾਜ ਘਰਾਚੋਂ, ਕਰਨੈਲ ਸਿੰਘ ਘਰਾਚੋਂ ਆਦਿ ਨੇ ਕਿਸਾਨ ਦੀ ਫਸਲ ਦੇ ਹੋਏ ਨੁਕਸਾਨ ਤੋਂ ਭੜਕ ਕੇ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ। ਆਗੂਆਂ ਨੇ ਕਿਹਾ ਕਿ ਕਿਸਾਨ ਤੇਗਵੀਰ ਸਿੰਘ ਨੇ ਸਰਕਾਰ ਦੀ ਹਦਾਇਤਾਂ ਅਨੁਸਾਰ ਪਰਾਲੀ ਨੂੰ ਅੱਗ ਨਾ ਲਗਾ ਕੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਦੇ ਬਾਵਜੂਦ ਉਸਦੀ ਫਸਲ ਨੂੰ ਸੁੰਡੀ ਪੈ ਗਈ ਜਿਸ ਦੇ ਨੁਕਸਾਨ ਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ। ਕਿਸਾਨਾਂ ਨੇ ਸਰਕਾਰ ਨੂੰ ਲੰਮੇ ਹੱਥੀਂ ਲੈੰਦਿਆ ਕਿਹਾ ਕਿ ਜਿਹੜੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਜਮੀਨ ਨੂੰ ਚੰਗੀ ਤਰਾਂ ਵਾਹ ਕੇ ਕਣਕ ਦੀ ਬਿਜਾਈ ਕੀਤੀ ਸੀ ਉਨ੍ਹਾਂ ਦੀ ਫਸਲ ਬਿਲਕੁੱਲ ਸਹੀ ਖੜੀ ਹੈ ਅਤੇ ਜਿਨ੍ਹਾਂ ਕਿਸਾਨਾਂ ਨੇ ਅਪਣੀ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਹੈ ਉਨ੍ਹਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਘਟਨਾ ਤੋਂ ਨਸੀਹਤ ਲੈਣੀ ਚਾਹੀਦੀ ਹੈ ਕਿ ਕਿਸਾਨਾਂ ਕੋਲ ਪਰਾਲੀ ਨੂੰ ਅੱਗ ਲਾਉਣ ਤੋਂ ਬਿਨ੍ਹਾਂ ਕੋਈ ਹੋਰ ਹੱਲ ਨਹੀਂ ਹੈ। ਪਰੰਤੂ ਪ੍ਰਸ਼ਾਸ਼ਨ ਨੇ ਸਰਕਾਰ ਦੀ ਸ਼ਹਿ 'ਤੇ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਪੁਲਸ ਪਰਚੇ ਦਰਜ ਕਰਨ ਦੇ ਨਾਲ ਜੁਰਮਾਨੇ ਕੀਤੇ ਗਏ ਉਨ੍ਹਾਂ ਨੂੰ ਹੁਣ ਤੁਰੰਤ ਰੱਦ ਕਰਨਾ ਚਾਹੀਦਾ ਹੈ।

   
  
  ਮਨੋਰੰਜਨ


  LATEST UPDATES











  Advertisements