View Details << Back

..ਭੁੱਖੇ ਢਿੱਡ..
ਇੱਕ ਸੱਚੀ ਕਹਾਣੀ

ਮਾਈ ਸੀਤੋ ਕੲੀ ਸਾਲਾਂ ਤੋਂ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਮਿੱਡ ਡੇ ਮੀਲ ਕੁੱਕ ਵਜੋਂ ਕੰਮ ਕਰਦੀ ਆ ਰਹੀ ਸੀ, ਇਹ ਕੰਮ ਕਰਦਿਆਂ ਉਸ ਨੂੰ ਅਲੱਗ ਹੀ ਸੰਤੋਖ ਮਿਲਦਾ ਜਦੋਂ ਸਕੂਲ ਦੇ ਜੁਆਕਾਂ ਨੂੰ ਰੱਜ ਕੇ ਮਿਡ ਡੇ ਮੀਲ ਚ ਬਣਾਇਆ ਖਾਣਾ ਖਾਂਦਿਆਂ ਵੇਖਦੀ। ਮਾਈ ਸੀਤੋ ਨੂੰ ਚੰਗੀ ਤਰ੍ਹਾਂ ਪਤਾ ਸੀ ਵੀ ਬਾਰਡਰ ਤੇ ਪੈਂਦੇ ਉਸ ਦੇ ਪਿੰਡ ਦੇ ਲੋਕਾਂ ਦੀ ਆਰਥਿਕਤਾ ਬਹੁਤੀ ਚੰਗੀ ਨਹੀਂ ਤੇ ਖਾਸ ਤੌਰ ਤੇ ਕੲੀ ਦਿਹਾੜੀਦਾਰ ਘਰਾਂ ਦੀ ਕਬੀਲਦਾਰੀ ਮਸਾਂ ਰੁਡਦੀ ਐ ਤੇ ਉਤੋਂ ਆਹ ਠੰਡ ਦੇ ਦਿਨਾਂ ਚ ਦਿਹਾੜੀਆਂ ਨਾ ਮਿਲਣ ਕਾਰਨ ਘਰਾਂ ਦੇ ਚੁੱਲ੍ਹੇ ਵੀ ਠੰਡੇ ਪੈ ਜਾਂਦੇ ਨੇ। ਪਰ ਮਾਈ ਸੀਤੋ ਨੂੰ ਇਹ ਸੰਤੋਸ਼ ਹੁੰਦਾ ਕਿ ਚਲੋ ਘੱਟੋ-ਘੱਟ ਇਨ੍ਹਾਂ ਪਰਿਵਾਰਾਂ ਦੇ ਸਕੂਲ ਆਉਣ ਵਾਲੇ ਜੁਆਕਾਂ ਨੂੰ ਸਕੂਲ ਚ ਤਾਂ ਰੱਜ ਕੇ ਪੇਟ ਭਰ ਕੇ ਖਾਣ ਨੂੰ ਮਿਲ ਜਾਂਦਾ। ਤੇ ਅੱਜ ਵੀ ਮਾਈ ਸੀਤੋ ਆਪਣੀ ਸਹਾਇਕ ਮਿੱਡ ਡੇ ਮੀਲ ਕੁੱਕ ਸਾਥਣ ਨਾਲ਼ ਸਕੂਲ ਚ ਬੱਚਿਆਂ ਦਾ ਖਾਣਾ ਬਣਾਉਣ ਪਹੁੰਚੀ ਤਾਂ ਪਤਾ ਲੱਗਾ ਕਿ ਸਕੂਲ ਮੁਖੀ ਜ਼ੋ ਮਿੱਡ ਡੇ ਮੀਲ ਦਾ ਇੰਚਾਰਜ ਹੈ ਅੱਜ ਛੁੱਟੀ ਤੇ ਹੈ। ਦੋਵੇਂ ਜਾਣੀਆਂ ਸਕੂਲ ਚ ਹੀ ਬਣੀ ਰਸੋਈ ਵਿੱਚ ਚਲੀਆਂ ਗਈਆਂ ਤੇ ਖਾਣਾ ਬਣਾਉਣ ਦਾ ਆਹਰ ਕਰਨ ਲੱਗ ਪਈਆਂ ਕਿਉਂ ਜੋ ਉਨ੍ਹਾਂ ਨੂੰ ਪਤਾ ਸੀ ਵੀ ਸਕੂਲ ਮੁਖੀ ਤੋਂ ਬਾਅਦ ਹੋਰ ਜ਼ਿੰਮੇਵਾਰ ਅਧਿਆਪਕ ਉਨਾਂ ਨੂੰ ਖਾਣਾ ਬਣਾਉਣ ਲਈ ਰਾਸ਼ਨ ਮੰਗਾ ਦਿਉ। ਪਰ ਜਦੋਂ ਕਾਫੀ ਸਮਾਂ ਲੰਘ ਜਾਣ ਤੋਂ ਬਾਅਦ ਵੀ ਖਾਣਾ ਬਣਾਉਣ ਦਾ ਸਮਾਨ ਉਨ੍ਹਾਂ ਕੋਲ ਨਾ ਪੁੱਜਾ ਤੇ ਉੱਤੋਂ ਦੁਪਹਿਰ ਦੀ ਅੱਧੀ ਛੁੱਟੀ ਹੋਣ ਦਾ ਟਾਈਮ ਵੀ ਨੇੜੇ ਆ ਗਿਆ ਤਾਂ ਮਾਈ ਸੀਤੋ ਆਪ ਹਾਜ਼ਰ ਅਧਿਆਪਕਾਂ ਕੋਲ ਜਾ ਕੇ ਆਖਣ ਲੱਗੀ ਵੀ ਬੱਚਿਆਂ ਦਾ ਖਾਣਾ ਬਣਾਉਣ ਲਈ ਰਾਸ਼ਨ ਮੰਗਾ ਦਿਉ ਪਰ ਅਧਿਆਪਕਾਂ ਨੇ ਉਸ ਦੀ ਗੱਲ ਅਣਸੁਣੀ ਕਰ ਦਿੱਤੀ ਤੇ ਮਾਈ ਸੀਤੋ ਮੁੜ ਰਸੋਈ ਚ ਆ ਗੲੀ। ਮਾਈ ਸੀਤੋ ਨੂੰ ਆਸ ਸੀ ਕਿ ਖਾਣਾ ਬਣਾਉਣ ਲਈ ਜ਼ਿੰਮੇਵਾਰ ਅਧਿਆਪਕ ਜਲਦ ਹੀ ਰਾਸ਼ਨ ਮੰਗਾ ਦੇਵੇਗੀ ਤੇ ਉਧਰ ਬੱਚੇ ਵੀ ਆਨੇ ਬਹਾਨੇ ਰਸੋਈ ਵੱਲ ਗੇੜੇ ਮਾਰਨ ਲੱਗ ਪਏ । ਰਸੋਈ ਵਿਚ ਬੈਠੀ ਮਾਈ ਸੀਤੋ ਸੋਚਾਂ ਚ ਗੁੰਮ ਹੋਈ ਸੋਚ ਰਹੀ ਸੀ ਵੀ ਇਹ ਤਾਂ ਸਰਕਾਰਾਂ ਨੇ ਵਧੀਆ ਕੰਮ ਕੀਤਾ ਹੋਇਆ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਭਰ ਪੇਟ ਖਾਣਾ ਖਾਣ ਨੂੰ ਮਿਲ ਜਾਂਦਾ ਉਸ ਨੂੰ ਇਹ ਵੀ ਪਤਾ ਸੀ ਉਸ ਦੇ ਪਿੰਡ ਦੇ ਕੲੀ ਘਰਾਂ ਦੇ ਜੁਆਕ ਸਕੂਲ ਚ ਆਉਂਦੇ ਹੀ ਇਸ ਲਈ ਨੇ ਕਿ ਇਥੇ ਰੱਜਵਾ ਖਾਣਾ ਖਾਣ ਨੂੰ ਮਿਲਦਾ। ਸੋਚਾਂ ਚ ਗੁੰਮਸੁੰਮ ਬੈਠੀ ਮਾਈ ਸੀਤੋ ਨੂੰ ਨਾਲ਼ ਦੀ ਕੁੱਕ ਹਲੂਣਾ ਦੇ ਕੇ ਆਖਦੀ ਹੈ ਭੈਣੇ ਹੁਣ ਤਾਂ ਅੱਧੀ ਛੁੱਟੀ ਦੀ ਘੰਟੀ ਵੀ ਵੱਜ ਗਈ ਹੈ ਪੁਛ ਇਨ੍ਹਾਂ ਭੈਣਜੀਆਂ ਨੂੰ ਵੀ ਬੱਚਿਆਂ ਦਾ ਖਾਣਾ ਬਣਾਉਣਾ ਹੈ ਜਾਂ ਨਹੀਂ ਤੇ ਬੱਚੇ ਵੀ ਵੇਖ ਕਿਵੇਂ ਭੁੱਖ ਨਾਲ ਬੇਹਾਲ ਹੋਏ ਰਸੋਈ ਵੱਲ ਝਾਤੀਆਂ ਮਾਰ ਰਹੇ ਨੇ।
ਮਾਈ ਸੀਤੋ ਮੁੜ ਉਠ ਕੇ ਅਧਿਆਪਕਾਂ ਦੇ ਉਸ ਕਮਰੇ ਵੱਲ ਜਾਂਦੀ ਹੈ ਜਿਥੇ ਬਹਿਕੇ ਸਾਰੇ ਅਧਿਆਪਕ ਦੁਪਹਿਰ ਦਾ ਖਾਣਾ ਖਾਂਦੇ ਹਨ ਜਿਉਂ ਹੀ ਮਾਈ ਸੀਤੋ ਕਮਰੇ ਚ ਆਈ ਤਾਂ ਵੇਖਿਆ ਸਾਰੇ ਅਧਿਆਪਕ ਆਪੋਂ ਆਪਣੇ ਟੀਫਨਾ ਚੋਂ ਰੋਟੀ ਖਾ ਰਹੇ ਸਨ। ਮਾਈ ਸੀਤੋ ਨੇ ਹੋਂਸਲਾ ਜਾ ਕਰਕੇ ਕਿਹਾ ਕਿ ਰਾਸ਼ਣ ਮੰਗਾਂ ਦਿਉ ਅਸੀ ਖਾਣਾ ਬਣਾ ਦੇਈਏ ਬੱਚੇ ਵੀ ਭੁੱਖੇ ਹਨ ਪਰ ਖਾਣਾ ਖਾਣ ਚ ਮਸਤ ਅਧਿਆਪਕਾਵਾਂ ਨੇ ਕੋਈ ਉਤਰ ਨਾ ਦਿੱਤਾ। ਕੁਝ ਪਲ ਹੋਰ ਠਹਿਰਣ ਤੋਂ ਬਾਅਦ ਮਾਈ ਸੀਤੋ ਕਮਰੇ ਚੋ ਬਾਹਰ ਆ ਗੲੀ ਤਾਂ ਉਸ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਜਦ ਬਾਹਰ ਉਸ ਨੇ ਬੱਚਿਆਂ ਨੂੰ ਖਾਲੀ ਭਾਂਡੇ ਫੜੀ ਖੜ੍ਹੇ ਵੇਖਿਆ। ਸ਼ਾਲ ਦੀ ਕੰਨੀ ਨਾਲ ਅੱਖਾਂ ਪੂੰਝਦੀ ਮਾਈ ਸੀਤੋ ਸਕੂਲ ਤੋਂ ਬਾਹਰ ਆ ਆਪਣੇ ਘਰ ਨੂੰ ਤੁਰ ਪਈ ਕਿਉਂ ਜੋ ਉਸ ਨੂੰ ਪਤਾ ਲੱਗ ਗਿਆ ਸੀ ਕਿ ਅੱਜ ਬੱਚਿਆਂ ਲਈ ਖਾਣਾ ਨਹੀਂ ਬਣਨਾ ਤੇ ਭੁੱਖੇ ਪੇਟ ਬੱਚੇ ਉਸ ਤੋਂ ਵੇਖੇ ਨਹੀਂ ਜਾਣੇ।ਰਾਹ ਚ ਤੁਰੀ ਜਾਂਦੀ ਮਾਈ ਸੀਤੋ ਸੋਚ ਰਹੀ ਸੀ ਕਿ ਸਕੂਲ ਦੇ ਬੱਚੇ ਭੂਖੇ ਸਨ ਤੇ ਇਨ੍ਹਾਂ ਅਧਿਆਪਕ ਭੈਣਜੀਆਂ ਦੇ ਹਲਕ ਚੋਂ ਰੋਟੀਆਂ ਕਿਵੇਂ ਲੰਘ ਰਹੀਆਂ ਸਨ। ਇਨ੍ਹਾਂ ਬੱਚਿਆਂ ਕਰਕੇ ਹੀ ਉਨ੍ਹਾਂ ਨੂੰ ਸਰਕਾਰ ਮੋਟੀਆਂ ਤਨਖਾਹਾਂ ਦਿੰਦੀ ਐਂ ਪਰ ਇਨ੍ਹਾਂ ਨੂੰ ਬੱਚਿਆਂ ਦੀਆਂ ਭੁੱਖੀਆਂ ਆਂਦਰਾਂ ਨਹੀਂ ਦਿਖੀਆਂ। ਤੁਰੀ ਜਾਂਦੀ ਮਾਈ ਸੀਤੋ ਆਪ ਹੀ ਬੋਲੀ ਜਾ ਰਹੀ ਸੀ ਕਿ ਕਾਸ਼ ਕੋਈ ਵੱਡਾ ਅਫ਼ਸਰ ਅੱਜ ਸਕੂਲ ਅਾ ਜੇ ਤੇ ਠੰਡ ਚ ਭੁੱਖੇ ਢਿੱਡ ਪੜ ਰਹੇ ਬੱਚਿਆਂ ਦਾ ਦਰਦ ਵੇਖੇ।
* ਯਾਦਵਿੰਦਰ ਸਿੰਘ *


   
  
  ਮਨੋਰੰਜਨ


  LATEST UPDATES











  Advertisements