View Details << Back

ਯੋਗ ਨਾਗਰਿਕਾਂ ਨੂੰ ਵੋਟ ਬਣਵਾਉਣ ਦੀ ਅਪੀਲ
18 ਸਾਲ ਜਾਂ ਵੱਧ ਉਮਰ ਦੇ ਨਾਗਰਿਕ 15 ਜਨਵਰੀ ਤੱਕ ਬਣਵਾ ਸਕਦੇ ਹਨ ਵੋਟ: ਘਨਸ਼ਿਆਮ ਥੋਰੀ

ਸੰਗਰੂਰ, 1 ਜਨਵਰੀ (ਜਗਸੀਰ ਲੌਂਗੋਵਾਲ ) - ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ ਪਹਿਲੀ ਜਨਵਰੀ 2020 ਦੇ ਆਧਾਰ ’ਤੇ ਫੋਟੋ ਵੋਟਰ ਸੁਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਜੋ 16 ਦਸੰਬਰ 2019 ਤੋਂ ਸ਼ੁਰੂ ਹੋਇਆ ਸੀ, ਉਹ 15 ਜਨਵਰੀ 2020 ਤੱਕ ਚੱਲੇਗਾ ਅਤੇ 15 ਜਨਵਰੀ ਤੱਕ ਨਵੀਆਂ ਵੋਟਾਂ ਬਣਨਗੀਆਂ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਨਸ਼ਿਆਮ ਥੋਰੀ ਨੇ ਆਖਿਆ ਕਿ 18 ਸਾਲ ਜਾਂ ਇਸ ਤੋਂ ਵੱਧ ਉਮਰ ਵਰਗ ਦਾ ਕੋਈ ਵੀ ਨਾਗਰਿਕ ਆਪਣੀ ਵੋਟ ਬਣਵਾਉਣ ਤੋਂ ਵਾਂਝਾ ਨਾ ਰਹੇ। ਉਨਾਂ ਦੱਸਿਆ ਕਿ ਉਕਤ ਪ੍ਰੋਗਰਾਮ ਦੌਰਾਨ ਬੂਥ ਲੈਵਲ ਅਫਸਰ (ਬੀਐਲਓਜ਼) 18 ਸਾਲ ਜਾਂ ਵੱਧ ਉਮਰ ਦੇ ਯੋਗ ਬਿਨੈਕਾਰਾਂ, ਜਿਨਾਂ ਦੀ ਵੋਟ ਅਜੇ ਤੱਕ ਨਹੀਂ ਬਣੀ ਹੈ, ਦੀ ਨਵੀਂ ਵੋਟ ਬਣਵਾਉਣ ਲਈ ਫਾਰਮ ਨੰਬਰ 6 ਭਰਨਗੇ। ਯੋਗ ਵਿਅਕਤੀ ਇਹ ਫਾਰਮ ਭਰ ਕੇ ਸਬੰਧਤ ਬੀਐਲਓ ਜਾਂ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ (ਐਸਡੀਐਮ) ਦੇ ਦਫਤਰ ਜਮਾਂ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਵੋਟਰ ਦੀ ਮੌਤ ਹੋ ਚੁੱਕੀ ਹੈ ਜਾਂ ਉਹ ਕਿਸੇ ਹੋਰ ਜਗਾ ਤਬਦੀਲ ਹੋ ਗਿਆ ਹੈ ਤਾਂ ਵੋਟ ਕੱਟਣ ਲਈ ਫਾਰਮ ਨੰਬਰ 7 ਹੈ। ਜੇਕਰ ਕਿਸੇ ਵੋਟਰ ਦੇ ਵੋਟਰ ਸ਼ਨਾਖਤੀ ਕਾਰਡ ਵਿਚ ਕੋਈ ਤਰੁਟੀ ਹੈ, ਜਿਵੇਂ ਕਿ ਵੋਟਰ ਦਾ ਨਾਮ, ਜਨਮ ਮਿਤੀ, ਪਿਤਾ ਦਾ ਨਾਮ, ਪਤੀ ਦਾ ਨਾਮ ਆਦਿ ਗਲਤ ਹੈ ਤਾਂ ਫਾਰਮ ਨੰਬਰ 8 ਭਰ ਕੇ ਤਰੁਟੀ ਦੂਰ ਕਰਾਈ ਜਾ ਸਕਦੀ ਹੈ। ਵਿਧਾਨ ਸਭਾ ਹਲਕਾ ਤਬਦੀਲ ਹੋਣ ’ਤੇ ਫਾਰਮ ਨੰਬਰ 8ਏ ਭਰ ਕੇ ਵੋਟ ਸ਼ਿਫਟ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਵੋਟ ਲਈ ਐਨਵੀਐਸਪੀ ਪੋਰਟਲ ’ਤੇ ਖੁਦ ਵੀ ਅਪਲਾਈ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਬੇੜਾ 27 ਜਨਵਰੀ 2020 ਤੱਕ ਕੀਤਾ ਜਾਣਾ ਹੈ। ਸਪਲੀਮੈਂਟ 4 ਫਰਵਰੀ 2020 ਤੱਕ ਤਿਆਰ ਕੀਤੇ ਜਾਣੇ ਹਨ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 7 ਫਰਵਰੀ 2020 ਤੱਕ ਕੀਤੀ ਜਾਣੀ ਹੈ।
ਜ਼ਿਲਾ ਚੋਣ ਅਫਸਰ ਨੇ ਜ਼ਿਲੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇਕਰ 1 ਜਨਵਰੀ 2020 ਦੇ ਆਧਾਰ ’ਤੇ ਕਿਸੇ ਨਾਗਰਿਕ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਸ ਦੀ ਵੋਟ ਨਹੀਂ ਬਣੀ ਹੈ ਤਾਂ ਉਹ ਆਪਣੀ ਵੋਟ ਲਈ 15 ਜਨਵਰੀ ਤੱਕ ਬਿਨੈ ਜ਼ਰੂਰ ਦੇਵੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ (ਐਸਡੀਐਮ) ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਨਸ਼ਿਆਮ ਥੋਰੀ


   
  
  ਮਨੋਰੰਜਨ


  LATEST UPDATES











  Advertisements