View Details << Back

ਕਿਸਾਨਾਂ ਵਲੋਂ ਭਵਾਨੀਗੜ੍ਹ ਥਾਣੇ ਦਾ ਥਾਣੇ ਦਾ ਘਿਰਾਓ
ਪਰਾਲੀ ਸਾੜਨ 'ਤੇ ਦਰਜ ਹੋਏ ਮਾਮਲਿਆਂ ਨੂੰ ਰੱਦ ਕਰਵਾਉਣਲਈ ਸੰਘਰਸ਼

ਭਵਾਨੀਗੜ੍ਹ, 2 ਜਨਵਰੀ (ਗੁਰਵਿੰਦਰ ਸਿੰਘ): ਪਰਾਲੀ ਸਾੜਨ 'ਤੇ ਕਿਸਾਨਾਂ ਖਿਲਾਫ਼ ਦਰਜ ਹੋਏ ਪੁਲਸ ਮਾਮਲਿਆਂ ਨੂੰ ਰੱਦ ਕਰਵਾਉਣ ਅਤੇ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪ੍ਰਸ਼ਾਸਨ ਵੱਲੋਂ ਜਬਤ ਕੀਤੀਆਂ ਕੰਬਾਈਨਾਂ ਨੂੰ ਤੁਰੰਤ ਛੱਡਣ ਦੀ ਮੰਗ ਨੂੰ ਲੈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਤੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਵੀਰਵਾਰ ਨੂੰ ਭਵਾਨੀਗੜ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਜਿਲ੍ਹਾ ਪੱਧਰੀ ਧਰਨੇ ਦੀ ਸ਼ੁਰੂਆਤ ਕੀਤੀ ਗਈ। ਧਰਨੇ 'ਚ ਜਿਲ੍ਹੇ ਦੇ ਵੱਖ ਵੱਖ ਬਲਾਕਾਂ ਦੇ ਪਿੰਡਾਂ 'ਚੋਂ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ ਧਰਨੇ 'ਚ ਪਹੁੰਚੇ। ਧਰਨੇ ਦੌਰਾਨ ਸੰਬੋਧਨ ਕਰਦਿਆਂ ਜਿਲਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਤੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋੰ ਸਮੇਤ ਹੋਰ ਆਗੂਆਂ ਨੇ ਆਖਿਆ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਦਰਜ ਕੀਤੇ ਗਏ ਪਰਚਿਆਂ ਨੂੰ ਬਿਨਾਂ ਸ਼ਰਤ ਰੱਦ ਕੀਤਾ ਜਾਵੇਗਾ ਤੇ ਕਿਸਾਨਾਂ ਦੀਆਂ ਜ਼ਬਤ ਕੀਤੀਆਂ ਗਈਆਂ ਕੰਬਾਈਨਾਂ, ਟਰੈਕਟਰ ਤੇ ਹੋਰ ਸਾਧਨਾਂ ਨੂੰ ਵੀ ਛੱਡ ਦਿੱਤਾ ਜਾਵੇਗਾ ਪਰ ਹਾਲੇ ਤੱਕ ਇਸ ਭਰੋਸੇ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਤੇ ਪ੍ਰਸ਼ਾਸ਼ਨ ਵੀ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦੇ ਰਿਹਾ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਹਾਲਾਂਕਿ ਸਰਕਾਰਾਂ ਨੂੰ ਵੀ ਪਤਾ ਲੱਗ ਚੁੱਕਿਆ ਹੈ ਕਿ ਕਿਸਾਨਾਂ ਕੋਲ ਝੋਨੇ ਦੀ ਰਹਿੰਦ ਖੂੰਹਦ ਨੂੰ ਸਾੜਨ ਤੋਂ ਇਲਾਵਾ ਪਰਾਲੀ ਦੇ ਨਿਪਟਾਰੇ ਦਾ ਕੋਈ ਬਦਲਵਾਂ ਹੱਲ ਨਹੀਂ ਫਿਰ ਵੀ ਜਾਣਬੁੱਝ ਕੇ ਪ੍ਰਸ਼ਾਸ਼ਨ ਕਿਸਾਨਾਂ ਖਿਲਾਫ਼ ਕਾਰਵਾਈਆਂ ਕਰਕੇ ਖੱਜਲ ਖੁਆਰ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸੰਗਰੂਰ ਜਿਲ੍ਹੇ ਸਮੇਤ ਹੋਰ ਕੁੱਝ ਇਲਾਕਿਆਂ ਵਿੱਚ ਪਰਾਲੀ ਨਾ ਸਾੜ ਕੇ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਫਸਲ 'ਤੇ ਗੁਲਾਬੀ ਤੇ ਸੈਨਿਕ ਸੁੰਡੀ ਨੇ ਹਮਲਾ ਬੋਲ ਕੇ ਪੂਰੀ ਫਸਲ ਨੂੰ ਤਬਾਹ ਕਰਕੇ ਰੱਖ ਦਿੱਤਾ ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਇਸਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਕਿਸਾਨਾਂ ਦੀ ਸਾਰ ਨਹੀਂ ਲਈ। ਇਸ ਤੋਂ ਇਲਾਵਾ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਦੀ ਵੀ ਜਥੇਬੰਦੀ ਵੱਲੋਂ ਸਖਤ ਨਿਖੇਧੀ ਕੀਤੀ ਗਈ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਿੰਡ ਜਲੂਰ ਦੇ ਮਸਲੇ ਸਬੰਧੀ ਯੂਨੀਅਨ ਵੱਲੋਂ 6 ਜਨਵਰੀ ਨੂੰ SDM ਦਫ਼ਤਰ ਲਹਿਰਾਗਾਗਾ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਜਿਸ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਗੁਰਦੇਵ ਸਿੰਘ ਇਕਾਈ ਪ੍ਰਧਾਨ ਆਲੋਅਰਖ, ਜਸਵੀਰ ਸਿੰਘ ਗੱਗੜਪੁਰ, ਹਰਜਿੰਦਰ ਸਿੰਘ ਘਰਾਚੋੰ, ਰਘਵੀਰ ਸਿੰਘ ਘਰਾਚੋੰ, ਲਾਭ ਸਿੰਘ ਖੁਰਾਣਾ, ਜੱਸੀ ਨਾਗਰਾ, ਨਿਰਭੈ ਸਿੰਘ, ਜੋਗਿੰਦਰ ਸਿੰਘ ਆਲੋਅਰਖ, ਜਗਤਾਰ ਸਿੰਘ ਲੱਡੀ, ਸੁਖਵਿੰਦਰ ਸਿੰਘ ਬਲਿਆਲ, ਅਮਰਪ੍ਰੀਤ ਸਿੰਘ ਗੋਲਡੀ, ਗਮਦੂਰ ਸਿੰਘ ਆਦਿ ਤੋਂ ਇਲਾਵਾ ਇਨਕਲਾਬੀ ਗੀਤਕਾਰ ਮਿੱਠੂ ਸਿੰਘ ਕਿਲ੍ਹਾਭਰੀਆਂ ਵਿਸ਼ੇਸ਼ ਤੌਰ 'ਤੇ ਪਹੁੰਚੇ। ਖਬਰ ਲਿਖੇ ਜਾਣ ਤੱਕ ਕਿਸਾਨ ਧਰਨੇ 'ਤੇ ਡਟੇ ਹੋਏ ਸਨ।

   
  
  ਮਨੋਰੰਜਨ


  LATEST UPDATES











  Advertisements