View Details << Back

ਕਿੰਨਰ ਸਮਾਜ ਵੱਲੋਂ ਅਨੋਖੀ ਪਹਿਲ
ਗੋਦ ਲਈ ਬੱਚੀ ਦੀ ਧੂਮਧਾਮ ਨਾਲ ਮਨਾਈ ਲੋਹੜੀ

ਭਵਾਨੀਗੜ, 9 ਜਨਵਰੀ (ਗੁਰਵਿੰਦਰ ਸਿੰਘ): ਲੜਕੇ ਦੀ ਚਾਹਨਾ ਨੂੰ ਲੈ ਕੇ ਸਾਡੇ ਸਮਾਜ ਵਿੱਚ ਲੋਕ ਜਿੱਥੇ ਕੰਨਿਆ ਭਰੂਣ ਹੱਤਿਆ ਕਰਨ ਤੋਂ ਬਾਜ ਨਹੀਂ ਆ ਰਹੇ ਉੱਥੇ ਹੀ ਇਲਾਕੇ ਵਿੱਚ ਕਿੰਨਰ ਸਮਾਜ ਦੀ ਪਿੰਡ ਫੱਗੂਵਾਲਾ ਦੀ ਰਹਿਣ ਵਾਲੀ ਅੰਜਲੀ ਮਹੰਤ ਨੇ ਡੇਢ ਮਹੀਨੇ ਦੀ ਇੱਕ ਬੱਚੀ ਨੂੰ ਗੋਦ ਲੈ ਕੇ ਨਾ ਸਿਰਫ਼ ਉਸਦਾ ਪਾਲਣ ਪੋਸ਼ਣ ਕਰਨ ਦੀ ਜੁੰਮੇਵਾਰੀ ਚੁੱਕੀ ਹੈ ਬਲਕਿ ਬੱਚੀ ਦੀ ਪਹਿਲੀ ਲੋਹੜੀ ਧੂਮਧਾਮ ਨਾਲ ਮਨਾ ਕੇ ਸਮਾਜ ਨੂੰ ਲਾਮਿਸਾਲ ਸੇਧ ਦਿੱਤੀ ਹੈ। ਇਸ ਮੌਕੇ ਅੰਜਲੀ ਮਹੰਤ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਉਸਦੀ ਇੱਛਾ ਸੀ ਕਿ ਉਹ ਲੜਕੀ ਨੂੰ ਗੋਦ ਲੈ ਕੇ ਉਸਦਾ ਪਾਲਣ ਪੋਸ਼ਣ ਕਰੇਗੀ। ਗੋਦ ਲਈ ਬੱਚੀ ਦੀ ਪਹਿਲੀ ਲੋਹੜੇ ਮੌਕੇ ਵੀਰਵਾਰ ਨੂੰ ਘਰ 'ਚ ਪ੍ਰੋਗਰਾਮ ਰੱਖ ਕੇ ਸਾਥੀ ਮਹੰਤਾਂ ਨੂੰ ਖੁਸ਼ੀ ਵਿੱਚ ਸ਼ਾਮਲ ਕੀਤਾ ਗਿਆ ਤੇ ਮੁਹੱਲੇ ਦੇ ਲੋਕਾਂ ਨੂੰ ਬੁਲਾ ਕੇ ਮਿਠਾਈ ਵੰਡੀ ਗਈ। ਇਸ ਮੌਕੇ ਅੰਜਲੀ ਮਹੰਤ ਦੇ ਸਾਥੀ ਮੀਨਾ ਮਹੰਤ ਤੇ ਗੁਰਮੀਤ ਕੌਰ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਅਸੀਂ ਕਿਸੇ ਦੇ ਘਰ ਸਿਰਫ ਲੜਕਾ ਪੈਦਾ ਹੋਣ 'ਤੇ ਹੀ ਖੁਸ਼ੀ ਮਨਾਉਣ ਪਹੰਚਦੇ ਸੀ ਲੇਕਿਨ ਪਤਾ ਲੱਗਿਆ ਕਿ ਸਾਡੇ ਸਮਾਜ ਵਿੱਚ ਕੰਨਿਆ ਭਰੂਣ ਹੱਤਿਆ ਬਹੁਤ ਤੇਜੀ ਨਾਲ ਹੋ ਰਹੀ ਹੈ ਤੇ ਲੜਕੀ ਨੂੰ ਦੁਨਿਆ ਵਿੱਚ ਆਉਣ ਤੋਂ ਪਹਿਲਾਂ ਹੀ ਲੋਕ ਕੁੱਖ ਵਿੱਚ ਮਾਰਨ ਲੱਗੇ ਹਨ ਤਾਂ ਅਸੀਂ ਮਹਿਸੂਸ ਕੀਤਾ ਕਿ ਜਦੋਂ ਲੜਕੀਆਂ ਨਹੀਂ ਹੋਣਗੀਆਂ ਤਾਂ ਲੜਕੇ ਕਿਵੇਂ ਪੈਦਾ ਹੋਣਗੇ। ਇਸ ਲਈ ਉਨ੍ਹਾਂ ਵੱਲੋਂ ਲੜਕੀਆਂ ਬਚਾਉਣ ਲਈ ਅੰਜਲੀ ਮਹੰਤ ਤੋਂ ਇੱਕ ਤਰ੍ਹਾਂ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਖੁਸ਼ੀ 'ਚ ਸ਼ਾਮਿਲ ਹੋਈਆਂ ਪਿੰਡ ਦੀਆਂ ਹੋਰ ਮਹਿਲਾਵਾਂ ਨੇ ਵੀ ਕਿਹਾ ਕਿ ਬੱਚੀ ਨੂੰ ਗੋਦ ਲੈ ਕੇ ਅੰਜਲੀ ਮਹੰਤ ਨੇ ਸਮਾਜ ਨੂੰ ਇੱਕ ਚੰਗਾ ਸੰਦੇਸ਼ ਦੇਣ ਦੇ ਨਾਲ ਕੰਨਿਆ ਭਰੂਣ ਹੱਤਿਆ ਕਰਨ ਵਾਲੇ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਵੀ ਮਾਰੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵੀਕਾ ਸੁਸ਼ਮਾ ਅਰੋੜਾ ਤੇ ਜਸਵੀਰ ਕੌਰ ਹੈਲਥ ਵਰਕਰ ਵੀ ਹਾਜਰ ਸਨ।
ਗੋਦ ਲਈ ਬੱਚੀ ਦੀ ਲੋਹੜੀ ਮਨਾਉਂਦੇ ਮਹੰਤ।


   
  
  ਮਨੋਰੰਜਨ


  LATEST UPDATES











  Advertisements