View Details << Back

ਦੁਕਾਨ ਦੇ ਜਿੰਦੇ ਤੋੜ ਕੇ ਲੱਖਾ ਰੁਪਏ ਦਾ ਕੱਪੜਾ ਚੋਰੀ
ਮੇਨ ਬਾਜ਼ਾਰ 'ਚ ਬੇਖੌਫ ਚੋਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਭਵਾਨੀਗੜ, 29 ਜਨਵਰੀ (ਗੁਰਵਿੰਦਰ ਸਿੰਘ): ਸ਼ਹਿਰ ਤੇ ਇਲਾਕੇ 'ਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਲੰਘੀ ਰਾਤ ਵੀ ਚੋਰਾਂ ਨੇ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਸਥਿਤ ਇੱਕ ਕੱਪੜੇ ਦੀ ਦੁਕਾਨ ਨੂੰ ਅਪਣਾ ਨਿਸ਼ਾਨਾ ਬਣਾਇਆ ਤੇ ਦੁਕਾਨ 'ਚੋਂ ਲੱਖਾਂ ਰੁਪਏ ਦਾ ਕੱਪੜਾ ਤੇ 6 ਹਜ਼ਾਰ ਰੁਪਏ ਦੇ ਕਰੀਬ ਨਗਦੀ ਚੋਰੀ ਕਰ ਲੈ ਗਏ। ਚੋਰੀ ਦੀ ਘਟਨਾ ਸਬੰਧੀ ਦੁਕਾਨਦਾਰ ਨੂੰ ਸਵੇਰੇ ਪਤਾ ਲੱਗਿਆ। ਚੌਕੀਦਾਰ ਰੱਖੇ ਹੋਣ ਦੇ ਬਾਵਜੂਦ ਬਾਜ਼ਾਰ 'ਚ ਚੋਰਾਂ ਵੱਲੋਂ ਇਸ ਤਰ੍ਹਾਂ ਬੇਖੌਫ ਹੋ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣਾ ਜਿੱਥੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਉੱਥੇ ਹੀ ਵਾਰਦਾਤ ਤੋਂ ਬਾਅਦ ਦੁਕਾਨਦਾਰਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਆਹੂਜਾ ਸਿਲਕ ਸਟੋਰ ਦੇ ਮਾਲਕ ਸੱਤਪਾਲ ਆਹੂਜਾ ਪੁੱਤਰ ਤਾਰਾ ਚੰਦ ਵਾਸੀ ਭਵਾਨੀਗੜ ਨੇ ਦੱਸਿਆ ਕਿ ਮੰਗਲਵਾਰ ਨੂੰ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਅਪਣੀ ਦੁਕਾਨ ਬੰਦ ਕਰਕੇ ਗਿਆ ਸੀ। ਬੁੱਧਵਾਰ ਸਵੇਰੇ ਦੁਕਾਨ ਦੇ ਗੁਆਂਢੀ ਨੇ ਉਸਨੂੰ ਫੋਨ ਕਰਕੇ ਦੱਸਿਆ ਕਿ ਉਸਦੀ ਦੁਕਾਨ ਦੇ ਜਿੰਦੇ ਟੁੱਟੇ ਪਏ ਹਨ ਤਾਂ ਤੁਰੰਤ ਮੌਕੇ 'ਤੇ ਪਹੁੰਚ ਕੇ ਉਸਨੇ ਦੇਖਿਆ ਕਿ ਦੁਕਾਨ ਦੇ ਸਟਰ ਦੇ ਜਿੰਦੇ ਕਿਸੇ ਹਥੌੜੇ ਵਗੈਰਾ ਨਾਲ ਤੋੜ ਕੇ ਅਣਪਛਾਤੇ ਚੋਰਾਂ ਨੇ ਦੁਕਾਨ 'ਚ ਦਾਖਲ ਹੋ ਕੇ ਦੁਕਾਨ 'ਚੋਂ ਸਿਲਕ ਦੇ ਮਹਿੰਗੇ ਸੂਟਾਂ ਤੋਂ ਇਲਾਵਾ ਗੱਲੇ 'ਚ ਪਈ 6 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਰਫੂਚੱਕਰ ਹੋ ਗਏ। ਦੁਕਾਨਦਾਰ ਨੇ ਦੱਸਿਆ ਕਿ ਸੀਜ਼ਨ ਦੇ ਮੱਦੇਨਜ਼ਰ ਦੋ ਦਿਨ ਪਹਿਲਾਂ ਹੀ ਉਸਨੇ ਦੁਕਾਨ ਵਿੱਚ ਹੋਰ ਨਵਾਂ ਮਾਲ ਭਰਿਆ ਸੀ। ਦੁਕਾਨ ਮਾਲਕ ਅਨੁਸਾਰ ਘਟਨਾ ਵਿੱਚ ਉਸਦਾ ਲਗਭਗ ਚਾਰ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਘਟਨਾ ਸਬੰਧੀ ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਚੋਰੀ ਦਾ ਸੁਰਾਗ ਲੱਭਣ ਲਈ ਪੁਲਸ ਵੱਲੋਂ ਮੇਨ ਬਾਜ਼ਾਰ 'ਚ ਦੁਕਾਨਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆ ਦੀ ਫੂਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਓਧਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਲਾਕੇ 'ਚ ਚੋਰੀ ਦੀ ਘਟਨਾਵਾਂ ਨੂੰ ਠੱਲ ਪਾਉਣ ਵਿੱਚ ਪੁਲਸ ਪ੍ਰਸ਼ਾਸ਼ਨ ਨਾਕਾਮ ਸਾਬਤ ਹੋ ਰਿਹਾ ਹੈ। ਦੁਕਾਨਾਦਾਰਾਂ ਨੇ ਪੁਲਸ ਤੋਂ ਰਾਤ ਸਮੇਂ ਸ਼ਹਿਰ ਵਿੱਚ ਗਸ਼ਤ ਤੇਜ ਕਰਨ ਦੀ ਮੰਗ ਕੀਤੀ ਹੈ।


   
  
  ਮਨੋਰੰਜਨ


  LATEST UPDATES











  Advertisements