View Details << Back

ਕੇਦਰੀ ਬਜਟ ਦੀਆਂ ਕਾਪੀਆਂ ਸਾੜ ਕੇ ਸਰਕਾਰ ਖਿਲਾਫ਼ ਕੱਢੀ ਭੜਾਸ
ਮੋਦੀ ਸਰਕਾਰ ਦਾ ਬਜਟ ਲੋਕ ਵਿਰੋਧੀ: ਕਾ. ਚੰਨੋੰ

ਭਵਾਨੀਗੜ, 13 ਫਰਵਰੀ (ਗੁਰਵਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ ਡਕੌੰਦਾ, ਕਿਸਾਨ ਸਭਾ ਪੰਜਾਬ ਅਤੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਕਾਰਕੁੰਨਾਂ ਨੇ ਸਾਂਝੇ ਤੌਰ 'ਤੇ ਅੱਜ ਇੱਥੇ SDM ਦਫ਼ਤਰ ਮੂਹਰੇ ਕੇੰਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਨੂੰ ਸਾੜ ਕੇ ਕੇੰਦਰ ਦੀ ਮੋਦੀ ਸਰਕਾਰ ਖਿਲਾਫ਼ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਇਸ ਮੌਕੇ ਖੇਤ ਮਜਦੂਰ ਯੂਨੀਅਨ ਦੇ ਆਗੂ ਕਾਮਰੇਡ ਭੂਪ ਚੰਦ ਚੰਨੋੰ ਤੇ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਦੇਸ਼ ਦੇ ਲੋਕਾਂ ਤੇ ਕਿਸਾਨ ਵਰਗ ਨਾਲ ਵੱਡਾ ਧੋਖਾ ਕਰਾਰ ਦਿੰਦਿਆਂ ਕਿਹਾ ਕਿ ਇੱਕ ਪਾਸੇ ਤਾਂ ਕੇੰਦਰ ਸਰਕਾਰ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੀ ਹੈ ਤੇ ਦੂਜੇ ਪਾਸੇ ਆਰਥਿਕ ਤੰਗੀ ਨਾਲ ਜੂਝ ਰਹੇ ਦੇਸ਼ ਦੇ ਕਿਸਾਨਾਂ ਨੂੰ ਬਜਟ ਵਿੱਚ ਕੋਈ ਸੁੱਖ ਸਹੂਲਤ ਜਾਂ ਰਿਆਇਤ ਨਹੀਂ ਦੇਣ ਨਾਲ ਸਰਕਾਰ ਦਾ ਦੋਹਰਾ ਚੇਹਰਾ ਬੇਨਕਾਬ ਹੋ ਗਿਆ। ਉਨ੍ਹਾਂ ਕਿਹਾ ਕਿ ਬਜਟ ਵਿੱਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਮੇਤ ਕਿਸਾਨ ਕਰਜਾ ਤੇ ਕੁਰਕੀ ਮੁਆਫੀ ਆਦਿ ਸਬੰਧੀ ਕੋਈ ਹੋਰ ਕਿਸਾਨ ਪੱਖੀ ਗੱਲ ਕਰਨ ਦੀ ਬਜਾਏ ਸਗੋਂ ਕੇੰਦਰ ਸਰਕਾਰ ਅੈਫਸੀਆਈ ਸਮੇਤ ਹੋਰ ਕੇੰਦਰੀ ਖਾਦ ਏਜੰਸੀਆਂ ਨੂੰ ਖਤਮ ਕਰਨ 'ਤੇ ਤੁਲੀ ਹੋਈ ਹੈ। ਸਰਕਾਰ ਦੇ ਇਸ ਫੈਸਲੇ ਨਾਲ ਨਾ ਸਿਰਫ ਆਰਥਿਕ ਵਿਵਸਥਾ 'ਤੇ ਵੱਡਾ ਅਸਰ ਪਵੇਗਾ ਬਲਕਿ ਇਸ ਤਰ੍ਹਾਂ ਨਾਲ ਕਿਸਾਨੀ ਦਾ ਭਵਿੱਖ ਵੀ ਖੁਦਕੁਸ਼ੀਆਂ ਤੇ ਕਰਜਿਆ ਦੇ ਭਾਰ ਹੇਠ ਰੁੱਲ ਕੇ ਬਰਬਾਦ ਹੋ ਜਾਵੇਗਾ। ਆਗੂਆਂ ਨੇ ਕੇੰਦਰ ਸਰਕਾਰ ਤੋਂ ਖੇਤੀਬਾੜੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਭਵਿੱਖ ਵਿੱਚ ਕਿਸਾਨੀ ਦੇ ਹੱਕ ਵਿੱਚ ਫੈਸਲੇ ਲੈਣ ਦੀ ਮੰਗ ਕੀਤੀ। ਜਥੇਬੰਦੀਆਂ ਦੇ ਆਗੂਆਂ ਨੇ ਅਾਖਿਆ ਕਿ ਉਹ ਕੇੰਦਰ ਸਰਕਾਰ ਦੇ ਕਿਸਾਨ ਵਿਰੋਧੀ ਬਜਟ ਨੂੰ ਪੂਰੀ ਤਰ੍ਹਾਂ ਨਾਲ ਨਕਾਰਦੇ ਹਨ। ਇਸ ਸਮੇਂ ਹੋਰਨਾਂ ਤੋਂ ਇਲਾਵਾ ਨਛੱਤਰ ਸਿੰਘ ਝਨੇੜੀ, ਸੁਖਦੇਵ ਸਿੰਘ ਘਰਾਚੋਂ ਖਜ਼ਾਨਚੀ, ਕਾਮਰੇਡ ਊਧਮ ਸਿੰਘ ਸੰਤੋਖਪੁਰਾ, ਦਵਿੰਦਰ ਸਿੰਘ ਨੂਰਪੁਰਾ, ਜੈ ਸਿੰਘ ਬਾਲਦ ਖੁਰਦ, ਸਰੂਪ ਸਿੰਘ ਬਾਲਦ ਖੁਰਦ, ਰਣ ਸਿੰਘ ਬਾਲਦ ਕਲਾਂ, ਹਰਪਾਲ ਸਿੰਘ ਛਾਜਲੀ, ਅਵਤਾਰ ਸਿੰਘ ਬਾਲਦ ਖ਼ੁਰਦ, ਬੁੱਧ ਸਿੰਘ ਬਾਲਦ ਖੁਰਦ ਵੀ ਮੌਜੂਦ ਸਨ।
ਬਜਟ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕਰਦੇ ਜਥੇਬੰਦੀਆਂ ਦੇ ਕਾਰਕੁੰਨ।


   
  
  ਮਨੋਰੰਜਨ


  LATEST UPDATES











  Advertisements