View Details << Back

ਚੋਰਾਂ ਨੇ ਇੱਕੋ ਰਾਤ ਚਾਰ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
6 ਮਹੀਨਿਆਂ 'ਚ ਦੂਜੀ ਵਾਰ ਦੁਕਾਨਾਂ 'ਚ ਹੋਈ ਚੋਰੀ

ਭਵਾਨੀਗੜ, 5 ਮਾਰਚ (ਗੁਰਵਿੰਦਰ ਸਿੰਘ): ਪੁਲਸ ਪ੍ਰਸ਼ਾਸ਼ਨ ਦੀ ਮੁਸਤੈਦੀ ਦੇ ਬਾਵਜੂਦ ਇਲਾਕੇ 'ਚ ਚੋਰੀਆਂ ਦਾ ਸਿਲਸਿਲਾ ਜਾਰੀ ਹੈ। ਬੀਤੀ ਰਾਤ ਵੀ ਹਥਿਆਰਾਂ ਨਾਲ ਲੈਸ ਨਕਾਬਪੋਸ਼ ਵਿਅਕਤੀਆਂ ਨੇ ਬੇਖੌਫ ਹੋ ਕੇ ਸ਼ਹਿਰ ਦੇ ਬਲਿਆਲ ਰੋਡ ਉਪਰ ਸਥਿਤ ਚਾਰ ਦੁਕਾਨਾਂ ਨੂੰ ਅਪਣਾ ਨਿਸ਼ਾਨਾ ਬਣਾਇਆ। ਦਿਲਚਸਪ ਗੱਲ ਹੈ ਕਿ ਚੋਰਾਂ ਨੇ ਕੁੱਝ ਮਹੀਨੇ ਪਹਿਲਾਂ ਵੀ ਰਾਤ ਦੇ ਸਮੇਂ ਇਨ੍ਹਾਂ ਦੁਕਾਨਾਂ ਵਿੱਚ ਦਾਖਲ ਹੋ ਕੇ ਚੋਰੀ ਕੀਤੀ ਸੀ ਜਿਸ ਦਾ ਪੁਲਸ ਅੱਜ ਤੱਕ ਕੋਈ ਸੁਰਾਗ ਨਹੀਂ ਲੱਭ ਸਕੀ ਸੀ ਤੇ ਅੱਜ ਵੀ ਠੀਕ ਉਸੇ ਢੰਗ ਤਰੀਕੇ ਨਾਲ ਚੋਰ ਨਵੀਂ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਦੁਕਾਨਾਂ ਦੇ ਮਾਲਕਾਂ ਨੂੰ ਸਵੇਰੇ ਦੁਕਾਨਾਂ 'ਤੇ ਆਉਣ 'ਤੇ ਚੋਰੀਆਂ ਹੋਣ ਦਾ ਪਤਾ ਲੱਗਿਆ। ਚੋਰੀਆਂ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਇੱਕ ਪੁਲਸ ਮੁਲਾਜਮ ਨਾਲ ਦੁਕਾਨਦਾਰਾਂ ਦੀ ਤਿੱਖੀ ਬਹਿਸ ਹੋਈ ਤੇ ਬਾਅਦ ਵਿੱਚ ਭੜਕੇ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਜਗੁਜਾਰੀ ਖਿਲਾਫ਼ ਰੋਸ ਵਜੋਂ ਬਲਿਆਲ ਰੋਡ ਨੇੜੇ ਨੈਸ਼ਨਲ ਹਾਈਵੇ ਨੂੰ ਜਾਮ ਕਰਦਿਆਂ ਪ੍ਰਸ਼ਾਸ਼ਨ ਵਿਰੁੱਧ ਜੰਮਕੇ ਨਾਅਰੇਬਾਜੀ ਕੀਤੀ। ਕਰੀਬ ਇੱਕ ਘੰਟੇ ਦੇ ਜਾਮ ਦੌਰਾਨ ਨੈਸ਼ਨਲ ਹਾਈਵੇ ਦੇ ਦੋਵੇਂ ਪਾਸੇ ਵਾਹਨਾਂ ਦੀ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਲੋਕ ਜਾਮ ਵਿੱਚ ਫਸ ਗਏ। ਜਾਣਕਾਰੀ ਅਨੁਸਾਰ ਚੋਰ ਰਾਮਾ ਫਲੋਰ ਮਿਲ ਤੋਂ 20 ਹਜ਼ਾਰ ਰੁਪਏ, ਕ੍ਰਿਸ਼ਨਾ ਹਾਰਡਵੇਅਰ ਤੋਂ 25 ਹਜ਼ਾਰ, ਸੋਨੂੰ ਮਿੱਤਲ ਕਰਿਆਣਾ ਸਟੋਰ ਤੋਂ 21 ਹਜ਼ਾਰ, ਮਿੱਤਲ ਪੈਸਟੀਸਾਇਡ 'ਚੋਂ 20 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲੈ ਗਏ। ਦੁਕਾਨ ਮਾਲਕਾਂ ਨੇ ਦੱਸਿਆ ਕਿ ਚੋਰ ਜਾਂਦੇ ਜਾਂਦੇ ਸਾਰੀਆਂ ਦੁਕਾਨਾਂ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ, ਅਲਈਡੀ ਤੇ ਇੱਕ ਲੈਪਟਾਪ ਵੀ ਨਾਲ ਲੈ ਗਏ। ਪਰੰਤੂ ਦੁਕਾਨਦਾਰਾਂ ਦੀ ਰਿਹਾਇਸ਼ 'ਚ ਲੱਗੇ ਖੂਫੀਆ ਕੈਮਰੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਆਏ ਲੁਟੇਰੇ ਕੈਦ ਹੋ ਗਏ। ਰੋਡ ਜਾਮ ਕਰਕੇ ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਨੇ ਕਿਹਾ ਕਿ 6 ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਚੋਰਾਂ ਨੇ ਉਨ੍ਹਾਂ ਦੀਆਂ ਦੁਕਾਨਾਂ ਦੇ ਪਿਛਲੇ ਪਾਸਿਓ ਦਾਖਲ ਹੋ ਕੇ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਲੇਕਿਨ ਪੁਲਸ ਉਸ ਵਾਰਦਾਤ ਨੂੰ ਸੁਲਝਾਉਣ ਵਿੱਚ ਅਸਫਲ ਸਾਬਿਤ ਹੋਈ। ਧਰਨਾਕਾਰੀਆਂ 'ਚ ਪਹੁੰਚੇ ਥਾਣਾ ਮੁਖੀ ਰਮਨਦੀਪ ਸਿੰਘ ਵੱਲੋਂ ਇੱਕ ਹਫਤੇ ਵਿੱਚ ਚੋਰਾਂ ਨੂੰ ਫੜਨ ਦੇ ਦਿੱਤੇ ਭਰੋਸੇ ਤੋਂ ਬਾਅਦ ਕਰੀਬ ਇੱਕ ਘੰਟੇ ਬਾਅਦ ਦੁਕਾਨਦਾਰ ਧਰਨੇ ਤੋਂ ਉੱਠੇ। ਡੀਅੈੱਸਪੀ ਭਵਾਨੀਗੜ ਗੁਬਿੰਦਰ ਸਿੰਘ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਦੁਕਾਨਾਦਾਰਾਂ ਨੂੰ ਭਰੋਸਾ ਦਵਾਇਆ ਕਿ ਪੁਲਸ ਚੋਰਾਂ ਨੂੰ ਜਲਦ ਕਾਬੂ ਕਰ ਲਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਫਿਗਰ ਪ੍ਰਿੰਟ ਮਾਹਿਰ ਤੇ ਡਾਗ ਸਕਵਾਇਡ ਬੁਲਾ ਕੇ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ।

   
  
  ਮਨੋਰੰਜਨ


  LATEST UPDATES











  Advertisements