View Details << Back

'ਆਪ' ਦੀ ਵਰਕਰ ਮੀਟਿੰਗ 'ਚ ਹੋਇਆ ਹੰਗਾਮਾ
ਗੁੱਟਬਾਜੀ ਉੱਭਰ ਕੇ ਆਈ ਸਾਹਮਣੇ,ਬਾਇਕਾਟ ਕਰਕੇ ਜਿਲ੍ਹਾ ਪ੍ਧਾਨ 'ਤੇ ਵਰੇ ਵਰਕਰ

ਭਵਾਨੀਗੜ,17 ਮਾਰਚ (ਗੁਰਵਿੰਦਰ ਸਿੰਘ): ਇੱਥੇ ਆਮ ਅਾਦਮੀ ਪਾਰਟੀ ਦੀ ਰੱਖੀ ਵਲੰਟੀਅਰ ਮੀਟਿੰਗ ਹੰਗਾਮੇ ਦੀ ਭੇਂਟ ਚੜ ਗਈ। ਆਗੂਆਂ ਨੇ ਮੀਟਿੰਗ 'ਚ ਹਾਜ਼ਰ ਜਿਲ੍ਹਾ ਪ੍ਰਧਾਨ ਖਿਲਾਫ਼ ਰੱਜ ਕੇ ਭੜਾਸ ਕੱਢੀ ਤੇ ਜਿਲ੍ਹਾ ਜੁਆਇੰਟ ਸਕੱਤਰ ਸਮੇਤ ਪਾਰਟੀ ਦੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਮੀਟਿੰਗ ਦਾ ਬਾਇਕਾਟ ਕਰਨ ਦਾ ਅੈਲਾਣ ਕਰ ਦਿੱਤਾ ਜਿਸ ਤੋਂ ਬਾਅਦ ਜਿਲ੍ਹਾ ਪੱਧਰ 'ਤੇ ਪਾਰਟੀ 'ਚ ਚੱਲ ਰਹੀ ਗੁੱਟਬਾਜੀ ਖੁੱਲ ਕੇ ਮੁਖਰ ਹੋ ਗਈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਜਿਲ੍ਹਾ ਪ੍ਰਧਾਨ ਰਾਜਵੰਤ ਘੁੱਲੀ ਨੇ ਸੰਗਰੂਰ ਹਲਕੇ ਤੋਂ ਵਿਧਾਇਕ ਦੀ ਚੋਣ ਲੜ ਚੁੱਕੇ ਪਾਰਟੀ ਦੇ ਸੂਬਾ ਜਰਨਲ ਸਕੱਤਰ ਦਿਨੇਸ਼ ਬਾਂਸਲ ਨੂੰ ਬਿਨ੍ਹਾਂ ਕੋਈ ਨੋਟਿਸ ਦਿੱਤੇ ਹਲਕੇ ਦੀ ਪ੍ਰਧਾਨਗੀ ਤੋਂ ਮੁਅੱਤਲ ਕਰ ਦਿੱਤਾ ਸੀ ਜਿਸ ਨੂੰ ਲੈ ਵਲੰਟੀਅਰਾਂ ਦਾ ਰੋਸ ਘੱਟ ਵੀ ਨਹੀ ਸੀ ਹੋਇਆ ਕਿ ਪਿਛਲੇ ਦਿਨੀਂ ਫਿਰ ਤੋਂ ਜਿਲ੍ਹਾ ਪ੍ਧਾਨ ਨੇ ਬਾਂਸਲ ਸਮੇਤ ਪਾਰਟੀ ਆਗੂਆਂ ਗੁਰਦੀਪ ਸਿੰਘ ਫੱਗੂਵਾਲਾ, ਗੁਰਪ੍ਰੀਤ ਸਿੰਘ ਆਲੋਅਰਖ ਅਤੇ ਜਿਲ੍ਹੇ 'ਚ ਪਹਿਲੀ ਕਤਾਰ ਦੇ ਅਾਗੂ ਇੰਦਰਪਾਲ ਸਿੰਘ ਸੰਗਰੂਰ ਨੂੰ ਕਾਂਗਰਸ ਪਾਰਟੀ ਦੇ ਦਫ਼ਤਰ ਬਣਾਉਣ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਦੇਣ ਅਤੇ ਦਿੱਲੀ ਜਿੱਤ 'ਤੇ ਲੱਡੂ ਵੰਡਣ 'ਤੇ ਨੋਟਿਸ ਜਾਰੀ ਕਰ ਦਿੱਤਾ। ਮੀਟਿੰਗ ਦਾ ਬਾਇਕਾਟ ਕਰਦੇ ਹੋਏ ਸੋਮਵਾਰ ਨੂੰ 'ਆਪ' ਦੇ ਜਿਲ੍ਹਾ ਜੁਆਇੰਟ ਸਕੱਤਰ ਹਰਭਜਨ ਸਿੰਘ ਹੈਪੀ ਸਮੇਤ ਪਾਰਟੀ ਦੇ ਵਲੰਟੀਅਰਾਂ ਨੇ ਜਿਲ੍ਹਾ ਪ੍ਰਧਾਨ 'ਤੇ ਦੋਸ਼ ਲਗਾਉਂਦੇ ਹੋਏ ਆਖਿਆ ਕਿ ਰੀਢ ਦੀ ਹੱਡੀ ਮੰਨੇ ਜਾਂਦੇ ਪਾਰਟੀ ਵਰਕਰਾਂ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ ਜਦੋਂਕਿ ਚਮਚਾਗਿਰੀ ਕਰਨ ਤੇ ਚਾਪਲੂਸ ਲੋਕਾਂ ਨੂੰ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਮੀਨੀ ਪੱਧਰ 'ਤੇ ਦਿਨ ਰਾਤ ਕੰਮ ਕਰਨ ਵਾਲੇ ਵਰਕਰਾਂ ਨੂੰ ਤਾਂ ਪੁਛਿਆ ਨਹੀਂ ਜਾ ਰਿਹਾ ਪਰ ਛੋਟੀ ਮੋਟੀ ਸਰਗਰਮੀ ਨੂੰ ਸੋਸ਼ਲ ਮੀਡਿਆ ਰਾਹੀਂ ਵਧਾ ਚੜਾ ਕੇ ਪ੍ਰਚਾਰ ਕਰਨ ਵਾਲਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਹੋਰ ਤਾਂ ਹੋਰ ਪਾਰਟੀ ਦੀ ਜਿੱਤ ਦੀ ਖੁਸ਼ੀ ਨੂੰ ਮਨਾਉਣ ਵਾਲੇ ਆਗੂਆਂ ਨੂੰ ਅਨੁਸ਼ਾਸ਼ਨ ਭੰਗ ਕਰਨ ਦੇ ਨੋਟਿਸ ਕੱਢ ਕੇ ਜਲੀਲ ਕੀਤਾ ਜਾ ਰਿਹਾ ਹੈ ਜਿਸਨੂੰ ਇਮਾਨਦਾਰ ਤੇ ਜੁਝਾਰੂ ਵਰਕਰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਇਸ ਮੌਕੇ ਗੁਰਪ੍ਰੀਤ ਸਿੰਘ ਅਾਲੋਅਰਖ, ਪ੍ਰਗਟ ਸਿੰਘ ਢਿੱਲੋਂ, ਚਮਕੌਰ ਸਿੰਘ, ਸੋਨੀ ਸਿੰਘ, ਸੁਖਦੇਵ ਸਿੰਘ, ਮੋਹਨ ਸਿੰਘ, ਸੁਰਜੀਤ ਸਿੰਘ, ਭੁਪਿੰਦਰ ਸਿੰਘ, ਲਾਲ ਸਿੰਘ ਆਦਿ ਨੇ ਵੀ ਰੋਸ ਜਾਹਰ ਕੀਤਾ।
ਪਾਰਟੀ ਦਾ ਅੰਦਰੂਨੀ ਮਸਲਾ, ਸੁਲਝਾ ਲਵਾਂਗੇ: ਘੁੱਲੀ :- ਓਧਰ 'ਆਪ' ਦੇ ਜਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਪਾਰਟੀ 'ਚ ਹਰੇਕ ਵਰਕਰ ਦਾ ਬਰਾਬਰ ਸਤਕਾਰ ਹੁੰਦਾ ਹੈ, ਕੁੱਝ ਜੁਝਾਰੂ ਸਾਥੀਆਂ 'ਚ ਆਪਸੀ ਮੱਤਭੇਦ ਜਰੂਰ ਪੈਦਾ ਹੇ ਗਏ ਹਨ ਜੋ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਜਿਸਨੂੰ ਸੁਲਝਾ ਲਿਆ ਜਾਵੇਗਾ। ਵਰਕਰਾਂ ਨੂੰ ਨੋਟਿਸ ਦੇਣ ਸਬੰਧੀ ਘੁੱਲੀ ਨੇ ਕਿਹਾ ਕਿ ਲੱਡੂ ਵੰਡਣ ਨੂੰ ਲੈ ਕੇ ਕਿਸੇ ਨੂੰ ਵੀ ਕੋਈ ਨੋਟਿਸ ਨਹੀਂ ਜਾਰੀ ਕੀਤਾ ਗਿਆ ਸਗੋਂ ਪਾਰਟੀ 'ਚ ਮਿਲਜੁਲ ਕੇ ਕੰਮ ਕਰਨ ਦੀ ਅਪੀਲ ਜਰੂਰ ਕੀਤੀ ਗਈ ਸੀ।
--------
"ਪਾਰਟੀ 'ਚ ਕੁੱਝ ਲੋਕ ਧੜੇਬੰਦੀ ਨੂੰ ਹਵਾ ਦੇ ਰਹੇ ਹਨ। ਜਿਨ੍ਹਾਂ ਸਾਥੀਆਂ ਨੇ ਘਰ ਫੂਕ ਕੇ ਪਾਰਟੀ ਲਈ ਰਾਹ ਬਣਾਏ ਹਨ ਉਨ੍ਹਾਂ ਨੂੰ ਹੀ ਇੱਕ ਪਾਸੇ ਕਰਨ ਦੀਆਂ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ ਜਿਸਨੂੰ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ। ਪਿਛਲੇ ਦਿਨੀਂ ਪਾਰਟੀ ਦੇ ਆਬਜਰਬਰ ਗੁਰਦੀਪ ਸਿੰਘ ਫੱਗੂਵਾਲਾ ਨੇ ਭਾਵੇਂ ਅਪਣੇ ਨਿੱਜੀ ਕਾਰਣਾਂ ਦਾ ਹਵਾਲਾ ਦੇ ਕੇ ਪਾਰਟੀ ਤੋਂ ਕਿਨਾਰਾ ਕਰ ਲਿਆ ਪਰ ਸੱਚਾਈ ਕਿਸੇ ਤੋਂ ਵੀ ਛੁੱਪੀ ਨਹੀ ਰਹਿ ਗਈ।" --- ਦਿਨੇਸ਼ ਬਾਂਸਲ, ਸੂਬਾ ਜਰਨਲ ਸਕੱਤਰ 'ਆਪ'।


   
  
  ਮਨੋਰੰਜਨ


  LATEST UPDATES











  Advertisements