View Details << Back

ਕੋਰੋਨਾ ਸੰਕਟ
ਡੇਰਾ ਬਿਆਸ ਦੇ ਸੇਵਾਦਾਰ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਨ 'ਚ ਜੁਟੇ

ਭਵਾਨੀਗੜ, 28 ਅਪ੍ਰੈਲ (ਗੁਰਵਿੰਦਰ ਸਿੰਘ ): ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਅਪਣੇ ਤਰੀਕੇ ਨਾਲ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਹੀ ਰਾਧਾ ਸੁਆਮੀ ਡੇਰਾ ਬਿਆਸ ਸੈੰਟਰ ਭਵਾਨੀਗੜ ਦੀ ਸੰਗਤ ਵੱਲੋਂ ਕਰਫਿਊ ਦੇ ਦੌਰਾਨ ਲੋੜਵੰਦ ਪਰਿਵਾਰਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ। ਇਸ ਸਬੰਧੀ ਡੇਰੇ ਦੇ ਸੇਵਾਦਾਰਾਂ ਨੇ ਦੱਸਿਆ ਕਿ ਇਸ ਅੌਖੀ ਘੜੀ ਵਿੱਚ ਇੱਥੇ ਸਤਸੰਗ ਘਰ 'ਚ ਲੰਗਰ ਦੀ ਸੇਵਾ ਕਰਨ ਵਿੱਚ ਡੇਰੇ ਦੀ ਸੰਗਤ ਪੂਰੇ ਉਤਸ਼ਾਹ ਨਾਲ ਜੁੱਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਲੰਗਰ ਨੂੰ ਤਿਆਰ ਕਰਨ ਵਾਲੇ ਸੇਵਾਦਾਰਾਂ ਨੂੰ ਬਕਾਇਦਾ ਤੌਰ 'ਤੇ ਟੌਕਨ ਜਾਰੀ ਕੀਤੇ ਗਏ ਹਨ ਤੇ ਸਤਸੰਗ ਘਰ ਵਿੱਚ ਆਉਣ ਸਮੇਂ ਇੱਕ ਮੈਡੀਕਲ ਟੀਮ ਸੇਵਾਦਾਰਾਂ ਦਾ ਚੈੱਕਅਪ ਜਿਸ ਵਿੱਚ ਖਾਂਸੀ,ਜੁਕਾਮ ਤੇ ਬੁਖਾਰ ਆਦਿ ਜਾਂਚਣ ਤੋਂ ਬਾਅਦ ਉਨ੍ਹਾਂ ਨੂੰ ਸੈਨੀਟਾਈਜ਼ ਕਰਕੇ, ਮਾਸਕ ਤੇ ਹੱਥਾਂ 'ਚ ਦਸਤਾਨੇ ਪਹਿਨਾ ਕੇ ਹੀ ਅੰਦਰ ਜਾਣ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਲੰਗਰ ਤਿਆਰ ਕਰਨ ਸਮੇਂ ਸਾਫ-ਸਫਾਈ ਦੇ ਨਾਲ ਨਾਲ ਸੇਵਾਦਾਰਾਂ ਵੱਲੋਂ 'ਸ਼ੋਸ਼ਲ ਡਿਸਟੈੰਸਿੰਗ' ਦਾ ਵਿਸ਼ੇੇਸ ਧਿਆਨ ਰੱਖਿਆ ਜਾਂਦਾ ਹੈ ਅਤੇ ਲੰਗਰ ਪੂਰੇ ਹਾਇਜੇੈਨਿਕ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਹੈ। ਸੇਵਾਦਾਰਾਂ ਨੇ ਦੱਸਿਆ ਕਿ ਇਲਾਕੇ ਵਿੱਚ ਡੇਰੇ ਵੱਲੋਂ ਦੋ ਟਾਇਮ ਦਾ ਖਾਣਾ ਕਰੀਬ 2400 ਪੈਕਟ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਵਿੱਚ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸਤਸੰਗ ਘਰ ਵਿੱਚ ਲੋੜਵੰਦਾਂ ਲਈ ਤਿਆਰ ਕੀਤੇ ਜਾ ਰਹੇ ਲੰਗਰ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਿਛਲੇ ਦਿਨੀਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਖੁਦ ਭਵਾਨੀਗੜ ਸਤਸੰਗ ਘਰ ਵਿਖੇ ਪਹੁੰਚੇ ਅਤੇ ਉਨ੍ਹਾਂ ਸੇਵਾਦਾਰਾਂ ਨੂੰ ਆਸ਼ੀਰਵਾਦ ਦਿੰਦਿਆਂ ਲੋੜਵੰਦ ਲੋਕਾਂ ਦੀ ਤਨ ਮਨ ਤੋਂ ਸੇਵਾ ਕਰਨ ਲਈ ਪ੍ਰੇਰਿਤ ਕੀਤਾ।

   
  
  ਮਨੋਰੰਜਨ


  LATEST UPDATES











  Advertisements