View Details << Back

ਮੀਹ ਨੇ ਖੋਲੀ ਮਾੜੇ ਨਿਕਾਸੀ ਪ੍ਬੰਧਾਂ ਦੀ ਪੋਲ
ਮੀਂਹ 'ਚ ਭਿੱਜੀਆਂ ਕਣਕ ਦੀਆਂ ਹਜ਼ਾਰਾਂ ਬੋਰੀਆਂ

ਭਵਾਨੀਗੜ,10 ਮਈ (ਗੁਰਵਿੰਦਰ ਸਿੰਘ): ਭਵਾਨੀਗੜ ਇਲਾਕੇ 'ਚ ਅੱਜ ਸਵੇਰੇ ਹੋਈ ਤੇਜ ਬਾਰਿਸ ਨੇ ਇਕ ਵਾਰ ਫਿਰ ਸ਼ਹਿਰ ਵਿਚਲੇ ਪਾਣੀ ਦੀ ਨਿਕਾਸੀ ਦੇ ਨਾਕਸ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ।ਬਾਰਿਸ ਕਾਰਨ ਸ਼ਹਿਰ ਦੀ ਨਵੀਂ ਅਨਾਜ਼ ਮੰਡੀ ਪੂਰੀ ਤਰ੍ਹਾਂ ਜਲ ਥਲ ਹੋ ਗਈ ਤੇ ਆੜਤੀਆਂ ਨੇ ਮੰਡੀ ਵਿਚ ਖੁੱਲ੍ਹੇ ਅਸਮਾਨ ਹੇਠ ਮੁੱਖ ਯਾਰਡ ਅਤੇ ਦੁਕਾਨਾਂ ਅੱਗੇ ਪਈਆਂ ਹਜਾਰਾਂ ਕਣਕ ਦੀਆਂ ਬੋਰੀਆਂ ਦੇ ਇਸ ਬਾਰਿਸ ਦੀ ਭੇਟਾਂ ਚੜ੍ਹ ਜਾਣ ਦਾ ਖਦਸਾ ਜਤਾਇਆ। ਪੱਤਰਕਾਰਾਂ ਦੀ ਟੀਮ ਨੇ ਅਨਾਜ਼ ਮੰਡੀ ਦੇ ਕੀਤੇ ਦੌਰੇ ਦੌਰਾਨ ਦੇਖਿਆ ਕਿ ਇੱਥੇ ਸੀਵਰੇਜ ਦੀ ਨਿਕਾਸੀ ਨਾ ਮਾਤਰ ਹੋਣ ਕਾਰਨ ਮੰਡੀ ਨੇ ਝੀਲ ਦਾ ਰੂਪ ਧਾਰਨ ਕੀਤਾ ਹੋਇਆ ਸੀ ਅਤੇ ਇਥੇ ਪਈਆਂ ਕਣਕ ਦੀਆਂ ਬੋਰੀਆਂ ਪਾਣੀ ਵਿਚ ਡੁੱਬੀਆਂ ਨਜ਼ਰ ਆ ਰਹੀਆਂ ਸਨ। ਮੰਡੀ ਵਿਚ ਮੁੱਖ ਯਾਰਡ ਵਿਚ ਕਾਫੀ ਆੜ੍ਹਤੀਆਂ ਵੱਲੋਂ ਕਣਕ ਦੀਆਂ ਬੋਰੀਆਂ ਨੂੰ ਤਿਰਪਾਲਾਂ ਦੀ ਮੱਦਦ ਨਾਲ ਢੱਕ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਹੇਠੋਂ ਪਾਣੀ ਭਰ ਜਾਣ ਕਾਰਨ ਕਣਕ ਦੇ ਖਰਾਬ ਹੋਣ ਦਾ ਪੂਰਾ ਖਦਸਾ ਬਣਿਆ ਹੋਇਆ ਸੀ। ਆੜ੍ਹਤੀਆਂ ਨੇ ਦੱਸਿਆ ਕਿ ਤੇਜ ਬਾਰਿਸ ਦੇ ਨਾਲ-ਨਾਲ ਤੇਜ ਹਵਾਵਾਂ ਚੱਲਣ ਕਾਰਨ ਕਈ ਤਿਰਪਾਲਾਂ ਉਡ ਜਾਣ ਕਾਰਨ ਬੋਰੀਆਂ ਨੰਗੀਆਂ ਹੋ ਗਈਆਂ। ਇਸ ਮੌਕੇ ਆੜ੍ਹਤੀਆਂ ਨੇ ਰੋਸ ਜ਼ਾਹਿਰ ਕੀਤਾ ਕਿ ਮੰਡੀ 'ਚੋਂ ਕਣਕ ਦੀ ਢੋਆ ਢੋਆਈ ਦੀ ਰਫਤਾਰ ਬਹੁਤ ਹੀ ਢਿੱਲੀ ਹੋਣ ਕਾਰਨ ਅਜੇ ਵੀ ਮੰਡੀ ਵਿਚ ਹਜ਼ਾਰਾਂ ਕਣਕ ਦੀ ਬੋਰੀ ਖੁੱਲੇ ਅਸਮਾਨ ਹੇਠ ਪਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੰਡੀ ਵਿਚੋਂ ਕਣਕ ਦੀਆਂ ਬੋਰੀਆਂ ਨੂੰ ਤੇਜੀ ਨਾਲ ਚੁੱਕਵਾਉਣ ਦਾ ਕੋਈ ਠੋਸ ਪ੍ਰਬੰਧ ਨਹੀਂ ਕੀਤਾ ਅਤੇ ਹੁਣ ਮੀਂਹ ਵਿਚ ਭਿੱਜੀਆਂ ਇਹ ਕਣਕ ਦੀਆਂ ਬੋਰੀਆਂ ਆੜ੍ਹਤੀਆਂ ਲਈ ਵੱਡੀ ਸਿਰਦਰਦੀ ਬਣ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਲੇਬਰ ਦੀ ਘਾਟ ਦੀ ਸਮੱਸਿਆ ਨਾਲ ਜੁਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿਚਲੀ ਸੀਵਰੇਜ ਦੀ ਘਟੀਆ ਪ੍ਰਣਾਲੀ ਅਤੇ ਹਰ ਵਾਰ ਬਰਸਾਤ ਵਿੱਚ ਮੰਡੀ ਦੇ ਜਲਥਲ ਹੋਣ ਸੰਬੰਧੀ ਪਿਛਲੇ ਕਈ ਸਾਲਾਂ ਤੋਂ ਆੜਤੀਏ ਇਹ ਸਮੱਸਿਆ ਸਰਕਾਰ ਦੇ ਧਿਆਨ ਵਿਚ ਲਿਆਉਂਦੇ ਆ ਰਹੇ ਹਨ ਪਰ ਇਸ ਵੱਲ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਮੰਡੀ ਵਿਚੋਂ ਕਣਕ ਦੀਆਂ ਬੋਰੀਆਂ ਨੂੰ ਤੁਰੰਤ ਚੁੱਕਵਾਇਆ ਜਾਵੇ ਅਤੇ ਮੰਡੀ ਵਿਚ ਸੀਵਰੇਜ ਪ੍ਰਣਾਲੀ ਨੂੰ ਦਰੁੱਸਤ ਕੀਤਾ ਜਾਵੇ।
ਮੀਹ ਦੇ ਪਾਣੀ 'ਚ ਡੁੱਬੀਆਂ ਮੰਡੀ 'ਚ ਪਈਆਂ ਕਣਕ ਦੀਆਂ ਬੋਰੀਆਂ।


   
  
  ਮਨੋਰੰਜਨ


  LATEST UPDATES











  Advertisements