View Details << Back

ਕਰੋਨਾ ਕਾਲ ਦੇ ਚਲਦਿਆਂ ਹੁਣ ਫਾਇਨਾਂਸ ਕੰਪਨੀਆਂ ਤੋਂ ਪ੍ਰੇਸ਼ਾਨ ਲੋਕਾਂ ਕੀਤੀ ਨਾਰੇਬਾਜੀ
ਕਿਸ਼ਤਾਂ ਭਰਵਾਉਣ ਲਈ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼

ਭਵਾਨੀਗੜ, 28 ਮਈ (ਗੁਰਵਿੰਦਰ ਸਿੰਘ): ਫਾਇਨਾਂਸ ਕੰਪਨੀਆਂ ਦੀਆਂ ਕਥਿਤ ਮਨਮਾਨੀਆਂ ਖਿਲਾਫ਼ ਅੱਜ ਲੋਕਾਂ ਦਾ ਗੁੱਸਾ ਫੁੱਟ ਕੇ ਬਾਹਰ ਆਇਆ। ਲੋਨ ਦੀਆਂ ਕਿਸ਼ਤਾਂ ਭਰਨ ਲਈ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋਏ ਸਥਾਨਕ ਬਾਬਾ ਫਤਿਹ ਸਿੰਘ ਕਲੋਨੀ ਵਿਖੇ ਔਰਤਾਂ ਸਮੇਤ ਇਕੱਤਰ ਹੋਏ ਵੱਡੀ ਗਿਣਤੀ 'ਚ ਲੋਕਾਂ ਨੇ ਫਾਇਨਾਂਸ ਕੰਪਨੀਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਮਤਾ ਰਾਣੀ, ਕਮਲੇਸ਼ ਰਾਣੀ, ਬਲਵਿੰਦਰ ਕੌਰ, ਆਸ਼ਾ ਰਾਣੀ, ਆਰਤੀ ਰਾਣੀ, ਸਿੰਦਰ ਕੌਰ, ਕਰਮਜੀਤ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਫਾਇਨਾਂਸ ਕੰਪਨੀਆਂ ਵੱਲੋਂ ਲੋਨ ਦੀਆਂ ਕਿਸਤਾਂ ਭਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਇਹ ਕਿਸ਼ਤਾਂ ਜਮਾਂ ਕਰਵਾਈਆਂ ਤਾਂ ਉਨ੍ਹਾਂ ਤੋਂ ਜੁਰਮਾਨੇ ਵਸੂਲੇ ਜਾਣਗੇ ਤੇ ਵਿਆਜ ਵੀ ਵੱਧ ਭਰਨਾ ਪਵੇਗਾ। ਇਸ ਤੋਂ ਇਲਾਵਾ ਫਾਇਨਾਂਸ ਕੰਪਨੀਆਂ ਉਨ੍ਹਾਂ ਲੋਕਾਂ ਵੱਲੋਂ ਦਿੱਤੇ ਗਏ ਖਾਲੀ ਚੈਕਾਂ ਨੂੰ ਬੈਂਕਾਂ 'ਚੋਂ ਡਿਸਆਨਰ ਕਰਵਾਕੇ ਮੁਕੱਦਮੇ ਦਰਜ ਕਰਵਾਉਣ ਦੀਆਂ ਵੀ ਧਮਕੀਆਂ ਦੇ ਰਹੀਆਂ ਹਨ। ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੇ ਕਿਹਾ ਕਿ ਕੋਰੋਨਾ ਦੀ ਬੀਮਾਰੀ ਕਾਰਨ ਲਾਕਡਾਉਨ ਦੇ ਚੱਲਦਿਆਂ ਉਹ ਆਪਣੇ ਘਰਾਂ ਵਿਚ ਹੀ ਬੰਦ ਹਨ ਤੇ ਕਰੀਬ ਦੋ ਮਹੀਨਿਆਂ ਤੋਂ ਉਹ ਦਿਹਾੜੀ 'ਤੇ ਵੀ ਕੰਮ ਕਰਨ ਲਈ ਨਹੀਂ ਗਈਆਂ ਇਸ ਲਈ ਕਮਾਈ ਕੋਈ ਹੋਰ ਸਾਧਨ ਨਾ ਹੋਣ ਕਰਕੇ ਉਹ ਫਿਲਹਾਲ ਇਹ ਕਿਸਤਾਂ ਭਰਨ ਵਿੱਚ ਅਸਮੱਰਥ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸ਼ਤਾਂ ਭਰਨ ਲਈ ਜਿਆਦਾ ਤੰਗ ਪ੍ਰੇਸ਼ਾਨ ਕਰਨ 'ਤੇ ਉਹ ਲੋਕ ਫਾਇਨਾਂਸ ਕੰਪਨੀਆਂ ਦੀਆਂ ਧੱਕੇਸ਼ਾਹੀ ਖਿਲਾਫ਼ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲੋਨ ਦਾ ਵਿਆਜ ਮਾਫ਼ ਕੀਤਾ ਜਾਵੇ ਅਤੇ ਲਗਾਈਆਂ ਜਾਣ ਵਾਲੀਆਂ ਪੈਨਲਟੀਆ (ਜੁਰਮਾਨੇ) ਖਤਮ ਕੀਤੇ ਜਾਣ ਤੇ ਨਾਲ ਹੀ ਕਿਸ਼ਤਾਂ ਭਰਨ ਲਈ ਘੱਟੋਂ ਘੱਟ ਤਿੰਨ ਮਹੀਨੇ ਦੇ ਸਮੇਂ ਦੀ ਛੋਟ ਦਿੱਤੀ ਜਾਵੇ।
ਫਾਇਨਾਂਸ ਕੰਪਨੀਆਂ ਵਿਰੁੱਧ ਨਾਅਰੇਬਾਜੀ ਕਰਦੇ ਲੋਕ।


   
  
  ਮਨੋਰੰਜਨ


  LATEST UPDATES











  Advertisements