View Details << Back

ਬੋਲੀ ਰੱਦ ਕਰਵਾਉਣ 'ਤੇ ਅੜੇ ਦਲਿਤ ਵਰਗ ਦੇ ਲੋਕ
ਨਿਯਮਾਂ ਨੂੰ ਛਿੱਕੇ ਟੰਗਣ ਦੇ ਆਗੂਆਂ ਲਾਏ ਦੋਸ਼

ਭਵਾਨੀਗੜ, 13 ਜੂਨ (ਗੁਰਵਿੰਦਰ ਸਿੰਘ): ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕਥਿਤ ਸ਼ਹਿ 'ਤੇ ਪੰਚਾਇਤੀ ਜਮੀਨ ਦੀ ਡੰਮੀ ਬੋਲੀ ਕਰਵਾਉਣ ਵਾਲੇ ਅਧਿਕਾਰੀ ਉੱਪਰ ਨਿਯਮਾਂ ਦੀ ਉਲੰਘਣਾ ਕਰਨ ਅਤੇ ਡਿਪਟੀ ਕਮਿਸ਼ਨਰ ਤੇ ਪੁਲਸ ਪ੍ਸ਼ਾਸਨ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉੰਦਿਆਂ ਕਾਰਵਾਈ ਦੀ ਕੀਤੀ ਮੰਗ ਕੀਤੀ ਹੈ। ਇਸ ਮੌਕੇ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਧਾਨ ਮੁਕੇਸ਼ ਮਲੌਦ ਅਤੇ ਇਕਾਈ ਘਰਾਚੋਂ ਦੇ ਪ੍ਧਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ 'ਚੋਂ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਦੀ ਬੋਲੀ ਸਬੰਧੀ ਪੰਚਾਇਤੀ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਗਰੁੱਪ ਨੂੰ ਸਾਂਝੀ ਖੇਤੀ ਲਈ ਜ਼ਮੀਨ ਦੇਣ ਦੀ ਪਹਿਲ ਬਾਰੇ ਸਪੱਸ਼ਟ ਲਿਖਿਆ ਗਿਆ ਹੈ ਅਤੇ ਜੇਕਰ ਇਹ ਗਰੁੱਪ ਜ਼ਮੀਨ ਨਹੀਂ ਲੈਂਦਾ ਤਾਂ ਹੀ ਦਲਿਤਾਂ ਵਿੱਚ ਖੁੱਲ੍ਹੀ ਬੋਲੀ ਕਰਵਾਉਣ ਦੀਆਂ ਹਦਾਇਤਾਂ ਹਨ। ਆਗੂਆਂ ਨੇ ਦੋਸ਼ ਲਗਾਇਆ ਕਿ ਪਰ ਇੱਥੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਪਿੰਡ ਘਰਾਚੋਂ ਦੀ 48 ਏਕੜ ਜ਼ਮੀਨ ਦੀ ਬੋਲੀ ਡੀਡੀਪੀਓ ਸੰਗਰੂਰ ਵੱਲੋਂ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਇਸ਼ਾਰੇ 'ਤੇ ਪਿੰਡ ਦੇ ਕੁੱਝ ਕਾਂਗਰਸੀ ਮੈਂਬਰਾਂ ਵੱਲੋਂ ਸ਼ਿੰਗਾਰੇ ਡੰਮੀ ਬੋਲੀ ਦੇਣ ਆਏ 3 ਵਿਅਕਤੀਆਂ ਦੇ ਨਾਮ ਤੋੜ ਦਿੱਤੀ ਗਈ ਹੈ। ਬੋਲੀ ਤੋਂ ਬਾਅਦ ਲਗਾਤਾਰ ਪਿੰਡ ਦੇ ਦਲਿਤ ਭਾਈਚਾਰੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਪ੍ਰੰਤੂ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਜਿਸਦੇ ਰੋਸ ਵਜੋਂ ਤਪਦੀ ਗਰਮੀ ਵਿਚ ਵੀ ਦਲਿਤ ਭਾਈਚਾਰੇ ਦੇ ਲੋਕ ਆਪਣੇ ਹਿੱਸੇ ਦੀ ਜ਼ਮੀਨ ਉੱਪਰ ਕਬਜ਼ਾ ਕਰਕੇ ਬੈਠੇ ਹਨ ਅਤੇ ਮੰਗ ਕਰ ਰਹੇ ਹਨ ਕਿ ਇਸ ਮਾਮਲੇ ਦੀ ਪੜਤਾਲ ਕਰਕੇ ਡੰਮੀ ਬੋਲੀ ਨੂੰ ਰੱਦ ਕੀਤੇ ਜਾਣ ਦੇ ਨਾਲ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਸ਼ਨੀਵਾਰ ਨੂੰ ਸ਼ੰਘਰਸ਼ ਕਮੇਟੀ ਦੀ ਅਗਵਾਈ ਹੇਠ ਦਲਿਤ ਲੋਕਾਂ ਵੱਲੋਂ ਪੰਚਾਇਤੀ ਜ਼ਮੀਨ ਵਿੱਚ ਨਾਅਰੇਬਾਜ਼ੀ ਕਰਦਿਆਂ ਸਪੱਸ਼ਟ ਤੌਰ 'ਤੇ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਗਈ ਤਾਂ ਲੋਕ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਮਲੌਦ ਨੇ ਦੱਸਿਆ ਕਿ ਮਸਲੇ ਦੇ ਹੱਲ ਅਤੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਜੋਨਲ ਕਮੇਟੀ ਦੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਆਗੂ ਗਗਨਦੀਪ ਸਿੰਘ, ਮਿੱਠੂ ਸਿੰਘ, ਬਲਵਿੰਦਰ ਸਿੰਘ, ਚਰਨ ਕੌਰ ਜੈਪਾਲ ਸਿੰਘ, ਮੱਘਰ ਸਿੰਘ, ਕੇਵਲ ਸਿੰਘ ਆਦਿ ਹਾਜਰ ਸਨ।

   
  
  ਮਨੋਰੰਜਨ


  LATEST UPDATES











  Advertisements