View Details << Back

ਚੋਕੀਦਾਰ ਦਾ ਕਤਲ

ਭਵਾਨੀਗੜ 30 ਅਗਸਤ {ਗੁਰਵਿੰਦਰ ਸਿੰਘ} ਇਥੋਂ ਥੋੜ੍ਹੀ ਦੂਰ ਭਵਾਨੀਗੜ੍ਹ- ਨਾਭਾ ਮੁੱਖ ਸੜਕ ਤੇ ਸਥਿਤ ਪਿੰਡ ਆਲੋਅਰਖ ਵਿਖੇ ਪਨਗ੍ਰੇਨ ਦੇ ਗੁਦਾਮ ਵਿੱਚ ਅਣਪਛਾਤਿਆਂ ਨੇ ਚੌਕੀਦਾਰ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਮ੍ਰਿਤਕ ਗੁਰਵਿੰਦਰ ਸਿੰਘ ਦੇ ਚਚੇਰੇ ਭਰਾ ਅਤਰ ਸਿੰਘ ਵਾਸੀ ਬਖਤੜੀ ਨੇ ਦੱਸਿਆ ਕਿ ਉਹ ਰਾਤ ਸਮੇਂ ਚੌਕੀਦਾਰ ਦੀ ਡਿਊਟੀ ਕਰ ਰਹੇ ਸਨ ਕਿ 10-15 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਹੱਥ ਪੈਰ ਬੰਨ੍ਹਕੇ ਕਮਰੇ ਵਿਚ ਬੰਦ ਕਰ ਦਿੱਤਾ, ਜਦੋਂ ਉਹ ਆਪਣੇ ਹੱਥ ਪੈਰ ਖੋਲ੍ਹ ਕੇ ਬਾਹਰ ਆਇਆ ਤਾਂ ਹਮਲਾਵਰ ਭੱਜ ਗਏ ਅਤੇ ਗੁਰਵਿੰਦਰ ਸਿੰਘ ਜ਼ਖ਼ਮੀ ਹਾਲਤ ਵਿੱਚ ਡਿੱਗਾ ਪਿਆ ਸੀ। ਉਹ ਨੇੜਲੇ ਟੌਲ ਪਲਾਜ਼ਾ ਮਾਝੀ ਵਿਖੇ ਪਹੁੰਚ ਕੇ ਐਂਬੂਲੈਂਸ ਲੈ ਕੇ ਗੁਰਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਲੈ ਕੇ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸਤ ਐਲਾਨ ਦਿੱਤਾ। ਉਸ ਨੇ ਦੱਸਿਆ ਕਿ ਉਨ੍ਹਾਂ ਕੋਲ ਆਪਣੀ ਹਿਫਾਜਤ ਲਈ ਕੋਈ ਹਥਿਆਰ ਨਹੀਂ ਹੈ ਅਤੇ ਨਾ ਹੀ ਕੋਈ ਟਾਰਚ ਜਾਂ ਵਰਦੀ ਦਿਤੀ ਜਾਂਦੀ ਹੈ । ਪਨਗ੍ਰੇਨ ਦੇ ਮੈਨੇਜਰ ਮਾਣਕਪ੍ਰੀਤ ਸਿੰਘ ਸੋਢੀ ਨੇ ਦੱਸਿਆ ਕਿ ਉਹ ਘਟਨਾ ਸਬੰਧੀ ਪਤਾ ਚੱਲਦਿਆਂ ਹੀ ਮੌਕੇ ’ਤੇ ਪਹੁੰਚ ਗਏ ਸਨ। ਐੱਸਪੀ (ਡੀ) ਸੰਗਰੂਰ ਹਰਪ੍ਰੀਤ ਸਿੰਘ ਅਤੇ ਡੀਐੱਸਪੀ ਭਵਾਨੀਗੜ੍ਹ ਗੋਬਿੰਦਰ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਆਪਣੇ ਭਰਾ ਦੀ ਜਗ੍ਹਾ ’ਤੇ ਰਾਤ ਦੀ ਡਿਊਟੀ ਕਰਨ ਲਈ ਆਇਆ ਸੀ। ਬਾਹਰੋਂ ਆਏ ਵਿਅਕਤੀਆਂ ਦੇ ਹਮਲੇ ਵਿਚ ਉਸ ਦੀ ਮੌਤ ਹੋ ਗਈ। ਪੁਲੀਸ ਵਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਢਵਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।।

   
  
  ਮਨੋਰੰਜਨ


  LATEST UPDATES











  Advertisements