View Details << Back

ਅਧਿਆਪਕ ਦਿਵਸ ਮੌਕੇ ਅਧਿਆਪਕਾਂ ਵਲੋਂ ਨਵੀ ਨੀਤੀ ਰੱਦ
ਮੁਫਤ, ਮਿਆਰੀ ਤੇ ਜਮਹੂਰੀ ਸਿੱਖਿਆ ਪ੍ਬੰਧ ਦੀ ਲਾਗੂ ਕਰਨ ਦੀ ਕੀਤੀ ਮੰਗ

5 ਸਤੰਬਰ, ਸੰਗਰੂਰ (ਗੁਰਵਿੰਦਰ ਸਿੰਘ): ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਵੱਲੋਂ ਆਲ ਇੰਡੀਆ ਸਿੱਖਿਆ ਅਧਿਕਾਰ ਮੰਚ ਦੇ ਸੱਦੇ ਤਹਿਤ ਸੰਗਰੂਰ ਜਿਲ੍ਹੇ ਵਿੱਚ ਵੀ ਕੇਂਦਰ ਸਰਕਾਰ ਵੱਲੋਂ ਜਾਰੀ ਰਾਸ਼ਟਰੀ ਸਿੱਖਿਆ ਨੀਤੀ-2020 ਨੂੰ ਨਿੱਜੀਕਰਨ, ਵਪਾਰੀਕਰਨ, ਕੇਂਦਰੀਕਰਨ, ਸਾਮਰਾਜੀਕਰਨ ਅਤੇ ਭਗਵਾਂਕਰਨ ਪੱਖੀ ਕਰਾਰ ਦਿੰਦਿਆਂ “ਅਧਿਆਪਕਾਂ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ ਰੱਦ” ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਤਹਿਤ ਜਿਲ੍ਹੇ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਵੱਖ-ਵੱਖ ਥਾਵਾਂ ‘ਤੇ ਹੱਥਾਂ ਵਿੱਚ ਸਿੱਖਿਆ ਨੀਤੀ ਦੇ ਵਿਰੋਧ ‘ਚ ਤਖਤੀਆਂ ਫੜ ਕੇ ਰੋਸ ਪ੍ਗਟਾਇਆ। ਡੀ.ਟੀ.ਐਫ. ਦੇ ਮੇਘ ਰਾਜ, ਕੁਲਦੀਪ ਸਿੰਘ ਅਤੇ ਅਧਿਆਪਕ ਆਗੂਆਂ ਰਘਵੀਰ ਭਵਾਨੀਗੜ੍ਹ, ਦਲਜੀਤ ਸਫੀਪੁਰ, ਸੁਖਵਿੰਦਰ ਗਿਰ, ਅਮਨ ਵਿਸ਼ਿਸਟ, ਵਿਕਰਮਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ-2020 ਰਾਹੀਂ ਜਮਹੂਰੀ ਸਿੱਖਿਆ ਪ੍ਬੰਧ, ਬਹੁਪੱਖੀ ਸੱਭਿਆਚਾਰ ਦੀ ਮਾਨਤਾ, ਧਰਮ-ਨਿਰਪੱਖਤਾ ਅਤੇ ਆਧੁਨਿਕ ਵਿਗਿਆਨਕ ਸੋਚ ਸਮੇਤ ਅਗਾਂਹਵਧੂ ਵਿਚਾਰਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਦਿੱਤੀ ਗਈ ਹੈ। ਕੇਂਦਰੀਕਰਨ ਦੀ ਨੀਤੀ ਨੂੰ ਅੱਗੇ ਵਧਾਉਂਦਿਆਂ ਕੇਂਦਰੀ ਸੰਗਠਨਾਂ ਨੂੰ ਹੋਰ ਵਧੇਰੇ ਫੈਸਲਾਕੁੰਨ ਬਣਾਇਆ ਜਾ ਰਿਹਾ ਹੈ। ਸਿੱਖਿਆ ਨੀਤੀ ਵਿੱਚ ‘ਮਿਥਿਹਾਸ ਨੂੰ ਇਤਹਾਸ ਬਣਾ ਕੇ ਪੇਸ਼ ਕਰਨ’ ਅਤੇ ‘ਪੁਰਾਤਨ ਭਾਰਤ ਨੂੰ ਅੱਜ ਨਾਲੋਂ ਮਹਾਨ ਦੱਸਣ ਵਾਲੀ’ ਗੈਰ ਵਿਗਿਆਨਕ ਵਿਚਾਰਧਾਰਾ ਨੂੰ ਤਰਜੀਹ ਦਿੱਤੀ ਗਈ ਹੈ। ਸਿੱਖਿਆ ਨੀਤੀ ਅਨੁਸਾਰ ਸਿਲੇਬਸ ਘਟਾਉਣ ਦੇ ਨਾਂ ਹੇਠ ਵਿਭਿੰਨਤਾ, ਲੋਕਤੰਤਰ, ਰਾਸ਼ਟਰਵਾਦ ਅਤੇ ਮਨੁੱਖੀ ਹੱਕਾਂ ਵਰਗੇ ਜਰੂਰੀ ਵਿਸ਼ਿਆਂ ਨੂੰ ਪੁਸਤਕਾਂ ਵਿੱਚੋਂ ਹਟਾਉਣ ਦਾ ਕਾਰਜ ਕੋਵਿਡ-19 ਦੀ ਆੜ ਵਿੱਚ ਕੀਤਾ ਜਾ ਰਿਹਾ ਹੈ। ਅਧਿਆਪਕ ਆਗੂਆਂ ਨਿਰਭੈ ਸਿੰਘ, ਮੈਡਮ ਸ਼ਿਵਾਲੀ ਗਿਰ, ਕਰਮਜੀਤ ਨਦਾਮਪੁਰ ਨੇ ਕਿਹਾ ਕਿ ਨਿੱਜੀਕਰਨ ਦੀ ਨੀਤੀ ਤਹਿਤ ਜਨਤਕ ਖੇਤਰ ਦੀ ਆਕਾਰ-ਘਟਾਈ ਨੂੰ ਸਕੂਲਾਂ ਦੀ ਮਰਜਿੰਗ ਰਾਹੀਂ ਨੇਪਰੇ ਚਾੜਣ ਲਈ ‘ਕੰਪਲੈਕਸ ਸਕੂਲ’ ਦਾ ਸੰਕਲਪ ਲਿਆਂਦਾ ਗਿਆ ਹੈ। ਨੌਕਰੀਆਂ ਅਤੇ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਕੱਚੇ ਅਧਿਆਪਕਾਂ ‘ਤੇ ਵਲੰਟੀਅਰਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਬਾਰੇ ਕੋਈ ਫੈਸਲਾ ਨਹੀਂ ਦਿੱਤਾ ਗਿਆ। ਇਸ ਵਿੱਚ ਅਧਿਆਪਕਾਂ ਨੂੰ ਕਾਰਗੁਜ਼ਾਰੀ ਦੇ ਨਾਂ ’ਤੇ ਤਰੱਕੀ ਬੰਦ ਕਰਨ ਅਤੇ ਸਵੈ ਇੱਛਾ ਨਾਲ ਬਦਲੀ ਕਰਵਾਉਣ ਦਾ ਅਧਿਕਾਰ ਰੱਦ ਕਰਨ ਵਰਗੀਆਂ ਸਖਤ ਮਦਾਂ ਵੀ ਸ਼ਾਮਿਲ ਹਨ। ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਥਾਂ ਦੇਸ਼ੀ ਵਿਦੇਸ਼ੀ ਸਰਮਾਏਦਾਰਾਂ ਰਾਹੀਂ ਵੱਡੀਆਂ ਬਹੁ ਅਨੁਸ਼ਾਸ਼ਨੀ ਸੰਸਥਾਵਾਂ ਖੋਲਣ ਦੇ ਫੈਸਲੇ ਕਰਕੇ ਲੋਕਾਂ ਦੀ ਆਰਥਿਕ ਅਤੇ ਸਮਾਜਿਕ ਲੁੱਟ ਦਾ ਰਾਹ ਹੋਰ ਪੱਧਰਾ ਕਰ ਦਿੱਤਾ ਗਿਆ ਹੈ। ਜਿਸ ਕਾਰਨ ਅਧਿਆਪਕ ਵਰਗ ਵੱਲੋਂ ਇਸ ਸਿੱਖਿਆ ਨੀਤੀ ਨੂੰ ਰੱਦ ਕੀਤਾ ਗਿਆ ਹੈ।
ਇਸ ਮੌਕੇ ਵੱਖ ਵੱਖ ਥਾਈ ਅਧਿਆਪਕ ਆਗੂ ਸੁਖਪਾਲ ਸਫੀਪੁਰ, ਮਨਜੀਤ ਲਹਿਰਾ, ਕਰਮਜੀਤ ਕੌਹਰੀਆਂ, ਰਮਨ ਲਹਿਰਾ, ਯਾਦਵਿੰਦਰ ਧੂਰੀ, ਗੁਰਦੀਪ ਚੀਮਾ ਆਦਿ ਮੌਜੂਦ ਰਹੇ।


   
  
  ਮਨੋਰੰਜਨ


  LATEST UPDATES











  Advertisements