View Details << Back

ਪਿੰਡ ਘਰਾਚੋਂ ਦੇ ਸਰਪੰਚ ਦੀ ਮੁਅੱਤਲੀ ਦੇ ਹੁਕਮਾਂ ’ਤੇ ਰੋਕ

ਭਵਾਨੀਗੜ੍ਹ, 16 ਅਪਰੈਲ(ਗੁਰਵਿੰਦਰ ਸਿੰਘ) ਪੰਚਾਇਤੀ ਜ਼ਮੀਨ ਦੀ ਬੋਲੀ ਦੇ ਪੈਸੇ ਜਮ੍ਹਾਂ ਨਾ ਕਰਵਾਉਣ ਦੇ ਦੋਸ਼ ਹੇਠ ਨੇੜਲੇ ਪਿੰਡ ਘਰਾਚੋਂ ਦੇ ਸਰਪੰਚ ਗੁਰਮੇਲ ਸਿੰਘ ਨੂੰ ਮੁਅੱਤਲ ਕਰਨ ਦੇ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ ਦੇ ਹੁਕਮਾਂ ਉੱਤੇ ਵਧੀਕ ਮੁੱਖ ਸਕੱਤਰ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਨਾਲ ਸਬੰਧਤ ਘਰਾਚੋਂ ਦੇ ਸਰਪੰਚ ਗੁਰਮੇਲ ਸਿੰਘ ਨੂੰ ਡਾਇਰੈਕਟਰ ਪੰਚਾਇਤ ਵਿਭਾਗ ਨੇ ਕੁੱਝ ਦਿਨ ਪਹਿਲਾਂ ਉਕਤ ਦੋਸ਼ਾਂ ਹੇਠ ਮੁਅੱਤਲ ਕਰ ਦਿੱਤਾ ਸੀ। ਇਸ ਫੈਸਲੇ ਨੂੰ ਸਿਆਸੀ ਬਦਲਖੋਰੀ ਕਰਾਰ ਦਿੰਦਿਆਂ ਮੁਅੱਤਲ ਸਰਪੰਚ ਗੁਰਮੇਲ ਸਿੰਘ ਨੇ ਵਧੀਕ ਮੁੱਖ ਸਕੱਤਰ ਦੀ ਅਦਾਲਤ ਵਿੱਚ ਕੇਸ ਕੀਤਾ ਸੀ। ਦੋਹਾਂ ਧਿਰਾਂ ਦੇ ਵਕੀਲਾਂ ਦੀਆਂ ਆਨਲਾਈਨ ਦਲੀਲਾਂ ਸੁਣਨ ਉਪਰੰਤ ਵਧੀਕ ਮੁੱਖ ਸਕੱਤਰ ਸੀਮਾ ਜੈਨ ਨੇ ਸਰਪੰਚ ਦੀ ਮੁਅੱਤਲੀ ਦੇ ਹੁਕਮਾਂ ’ਤੇ ਅਗਲੀ ਤਰੀਕ ਤੱਕ ਰੋਕ ਲਗਾ ਦਿੱਤੀ ਹੈ। ਇਸੇ ਦੌਰਾਨ ਉਨ੍ਹਾਂ ਪੰਚਾਇਤ ਵਿਭਾਗ ਦੇ ਡਿਵੀਜ਼ਨ ਡਿਪਟੀ ਡਾਇਰੈਕਟਰ ਪਟਿਆਲਾ ਨੂੰ ਹਦਾਇਤ ਕੀਤੀ ਕਿ ਨਿਯਮਾਂ ਅਨੁਸਾਰ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਪੈਸੇ ਜਮ੍ਹਾਂ ਨਾ ਕਰਵਾਉਣ ਦੀ ਅਣਗਹਿਲੀ ਕਾਰਨ ਬੀਡੀਪੀਓ ਭਵਾਨੀਗੜ੍ਹ ਅਤੇ ਪੰਚਾਇਤ ਸਕੱਤਰ ਘਰਾਚੋਂ ਖ਼ਿਲਾਫ਼ ਕਾਰਵਾਈ ਕਰ ਕੇ ਅਗਲੀ ਤਰੀਕ ਤੱਕ ਰਿਪੋਰਟ ਭੇਜੀ ਜਾਵੇ।

   
  
  ਮਨੋਰੰਜਨ


  LATEST UPDATES











  Advertisements