View Details << Back

ਪਾਵਰਕਾਮ ਖਿਲਾਫ ਕਿਸਾਨਾਂ ਦਾ ਰੋਹ
ਨਿਰਵਿਘਨ ਬਿਜਲੀ ਸਪਲਾਈ ਨਾ ਮਿਲੀ ਤਾ ਕਰਾਗੇ ਘਿਰਾਓ: ਕਿਸਾਨ ਆਗੂ

ਭਵਾਨੀਗੜ੍ਹ (ਗੁਰਵਿੰਦਰ ਸਿੰਘ)-ਖੇਤੀ ਸੈਕਟਰ ਵਾਲੀ ਬਿਜਲੀ ਸਪਲਾਈ ਦੀ ਭਾਰੀ ਕਿੱਲਤ ਦੇ ਚਲਦਿਆਂ ਫ਼ਸਲਾਂ ਅਤੇ ਸਬਜ਼ੀਆਂ ਨੂੰ ਸਮੇਂ ਸਿਰ ਪਾਣੀ ਨਾ ਮਿਲਣ ’ਤੇ ਸੋਕੇ ਦੀ ਮਾਰ ਕਾਰਨ ਫ਼ਸਲਾਂ ਦੇ ਖਰਾਬ ਹੋਣ ਦੇ ਬਣੇ ਖਦਸ਼ੇ ਤੋਂ ਪ੍ਰੇਸ਼ਾਨ ਚੰਨੋ, ਲੱਖੇਵਾਲ ਤੇ ਮੁਨਸ਼ੀਵਾਲਾ ਦੇ ਕਿਸਾਨਾਂ ਨੇ ਅੱਜ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਪਾਵਰਕਾਮ ਵਿਭਾਗ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਅੱਜ ਖੇਤਾਂ ’ਚ ਸੁੱਕ ਰਹੀਆਂ ਫ਼ਸਲਾਂ ਅਤੇ ਸਬਜ਼ੀਆਂ ਦਿਖਾਉਂਦਿਆਂ ਕਿਸਾਨ ਬਲਜਿੰਦਰ ਸਿੰਘ ਗੋਗੀ, ਹਰਦੇਵ ਸਿੰਘ ਚੰਨੋ, ਰਾਮ ਸਿੰਘ ਲੱਖੇਵਾਲ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਅਮਰਿੰਦਰ ਸਿੰਘ, ਗੁਰਪੀਤ ਸਿੰਘ, ਕਰਨੈਲ ਸਿੰਘ,  ਜਗਰੂਪ ਸਿੰਘ, ਅਵਤਾਰ ਸਿੰਘ, ਲਾਭ ਸਿੰਘ, ਬੇਅੰਤ, ਭਿੰਦਾ ਸਿੰਘ, ਸੁਖਜਿੰਦਰ ਸਿੰਘ, ਭੁਪਿੰਦਰ ਸਿੰਘ, ਸੰਦੀਪ ਸਿੰਘ ਅਤੇ ਗੁਰਗਿਆਨ ਸਿੰਘ ਆਦਿ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਫ਼ਸਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਲਈ ਖੇਤੀ ਸੈਕਟਰ ਨੂੰ 4 ਘੰਟੇ ਬਿਜਲੀ ਸਲਪਾਈ ਦੇਣ ਦੇ ਦਾਅਵੇ ਝੂਠੇ ਅਤੇ ਬੇਬੁਨਿਆਦ ਹਨ, ਅਸਲੀਅਤ ਇਹ ਹੈ ਕਿ ਖੇਤੀ ਸੈਕਟਰ ਲਈ ਕਿਸਾਨਾਂ ਨੂੰ 1 ਘੰਟਾ ਹੀ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਦੌਰਾਨ ਵੀ ਵਾਰ-ਵਾਰ ਕੱਟ ਲਗਾਏ ਜਾ ਰਹੇ ਹਨ।
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਹਿੰਗੇ ਭਾਅ ਦੇ ਬੀਜ ਅਤੇ ਖਾਦਾਂ ਖ੍ਰੀਦ ਕਰਕੇ ਆਪਣੇ ਖੇਤਾਂ ’ਚ ਮੱਕੀ, ਮੂੰਗੀ ਅਤੇ ਹੋਰ ਫਸਲਾਂ ਦੇ ਨਾਲ ਨਾਲ ਟਮਾਟਰ ਅਤੇ ਹੋਰ ਸਬਜ਼ੀਆਂ ਵੀ ਬੀਜੀਆਂ ਹੋਈਆਂ ਹਨ, ਜਿਨ੍ਹਾਂ ਨੂੰ ਬਿਜਲੀ ਸਪਲਾਈ ਪੂਰੀ ਨਾ ਆਉਣ ਕਰਕੇ ਸਮੇਂ ਸਿਰ ਪੂਰਾ ਪਾਣੀ ਨਾ ਲੱਗਣ ਕਾਰਨ ਉਨ੍ਹਾਂ ਦੀਆਂ ਇਹ ਫਸਲਾਂ ਅਤੇ ਸਬਜ਼ੀਆਂ ਸੁੱਕ ਰਹੀਆਂ ਹਨ ਅਤੇ ਬਰਬਾਦ ਹੋਣ ਕਿਨਾਰੇ ਹਨ। ਬਿਜਲੀ ਸਪਲਾਈ ਦੀ ਕਿੱਲਤ ਕਾਰਨ ਕਿਸਾਨੀ ਦੀ ਮਿਹਨਤ ਉਪਰ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਘਾਟਾ ਪਵੇਗਾ। ਕਿਸਾਨਾ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਫ਼ਸਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਲਈ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ’ਚ ਜਲਦ ਸੁਧਾਰ ਨਾ ਹੋਇਆ ਤਾਂ ਉਨ੍ਹਾਂ ਵੱਲੋਂ ਪਾਵਰਕਾਮ ਦੇ ਦਫ਼ਤਰ ਅਤੇ ਗਰਿੱਡ ਦਾ ਘਿਰਾਓ ਕਰ ਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।


   
  
  ਮਨੋਰੰਜਨ


  LATEST UPDATES











  Advertisements