View Details << Back

ਬਦਲੀਆ ਤੋ ਭੜਕੇ ਅਧਿਆਪਕ, ਪੈਟਰੋਲ ਦੀਆ ਬੋਤਲਾਂ ਟੈਂਕੀਆਂ ਤੇ ਲੈ ਕੇ ਚੜੇ
"ਆਤਮਹੱਤਿਆ ਦੀ ਦਿੱਤੀ ਧਮਕੀ"

ਭਵਾਨੀਗੜ੍ਹ (ਗੁਰਵਿੰਦਰ ਸਿੰਘ) : ਨੇੜਲੇ ਪਿੰਡ ਬਾਲਦ ਖੁਰਦ ਦੇ ਆਦਰਸ਼ ਸਕੂਲ ਵਿੱਚ ਸ਼ੁੱਕਰਵਾਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਅਧਿਆਪਕਾਂ ਨੇ ਅਪਣੇ ਦੋ ਸਾਥੀਆਂ ਦੀ ਬਦਲੀ ਨੂੰ ਲੈ ਕੇ ਸਕੂਲ ਚਲਾਉਣ ਵਾਲੀ ਕੰਪਨੀ ਅਤੇ ਪ੍ਰਿੰਸੀਪਲ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ। ਪ੍ਰਦਰਸ਼ਨ ਦੌਰਾਨ ਕੁੱਝ ਅਧਿਆਪਕ ਮੌਕੇ ਤੋਂ ਚੁਪਚੁਪੀਤੇ ਅਪਣੇ ਹੱਥਾਂ 'ਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਿੰਡ ਦੀ ਵਾਟਰ ਸਪਲਾਈ ਵਾਲੀ ਉੱਚੀ ਟੈਂਕੀ 'ਤੇ ਜਾ ਚੜ੍ਹੇ ਅਤੇ ਕੰਪਨੀ ਦੀ ਧੱਕੇਸ਼ਾਹੀ ਤੋਂ ਦੁਖੀ ਹੋ ਕੇ ਆਤਮਦਾਹ ਕਰਨ ਦੀ ਚੇਤਾਵਨੀ ਦਿੱਤੀ। ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਨੂੰ ਹੱਥਾਂ ਪੈਰਾ ਦੀ ਪੈ ਗਈ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁਲਸ ਬਲ ਨਾਲ ਪਹੁੰਚੇ ਡੀ. ਐੱਸ. ਪੀ. ਭਵਾਨੀਗੜ੍ਹ ਸੁਖਰਾਜ ਸਿੰਘ ਘੁੰਮਣ ਅਤੇ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਅਧਿਆਪਕਾਂ ਨੂੰ ਟੈਂਕੀ ਤੋਂ  ਹੇਠਾਂ ਉਤਰਨ ਦੀ ਅਪੀਲ ਕੀਤੀ ਅਤੇ ਮਸਲੇ ਸਬੰਧੀ ਐੱਸ. ਡੀ. ਐੱਮ. ਭਵਾਨੀਗੜ੍ਹ ਤੇ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਇਆ। ਕੀ ਹੈ ਪੂਰਾ ਮਾਮਲਾ ਅਤੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਆਪਕ ਪਰਦੀਪ ਸਿੰਘ ਤੇ ਸਲੀਮ ਮੁਹੰਮਦ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਸਕੂਲ ਦੀ ਕੰਪਨੀ ਵੱਲੋਂ ਉਨ੍ਹਾਂ ਨੂੰ ਬਿਨ੍ਹਾਂ ਕੋਈ ਕਾਰਨ ਦੱਸੇ ਵੱਖ-ਵੱਖ ਥਾਵਾਂ 'ਤੇ ਉਨ੍ਹਾਂ ਦੀ ਰਿਹਾਇਸ਼ ਤੋਂ ਤਕਰੀਬਨ ਸੌ ਤੋਂ ਡੇਢ ਸੌ ਕਿਲੋਮੀਟਰ ਦੂਰ ਬਦਲੀਆਂ ਕਰ ਦਿੱਤੀਆਂ ਜਦੋਂ ਕਿ ਪਿਛਲੇ ਸਮੇਂ ਨਵੀਂ ਆਈ ਇਸ ਕੰਪਨੀ ਦੇ ਅਧਿਕਾਰੀਆਂ ਨੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਸੀ ਕਿ ਕਿਸੇ ਵੀ ਅਧਿਆਪਕ ਦੀ ਬਦਲੀ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਧਿਆਪਕਾਂ ਦਾ ਕਹਿਣਾ ਸੀ ਕਿ ਦੇਸ਼ ਅਤੇ ਸੂਬੇ 'ਚ ਕੋਰੋਨਾ ਮਹਾਮਾਰੀ ਨੇ ਕੋਹਰਾਮ ਮਚਾ ਰੱਖਿਆ ਹੈ ਅਤੇ ਸਰਕਾਰ ਨੇ ਮੁਲਾਜ਼ਮਾਂ ਨੂੰ ਘਰਾਂ 'ਚ ਜਾਂ ਦੂਰ ਦਰਾਡੇ ਡਿਊਟੀਆਂ ਕਰਨ ਤੋਂ ਰੋਕਿਆ ਹੈ ਪਰ ਫਿਰ ਵੀ ਕੰਪਨੀ ਨੇ ਸਾਰੇ ਨਿਯਮ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਉਨ੍ਹਾਂ ਨੂੰ ਬਦਲੀ ਕਰਕੇ ਇੱਕ ਮਈ ਨੂੰ ਨਵੀਂਆਂ ਥਾਵਾਂ 'ਤੇ ਹਾਜ਼ਰ ਹੋਣ ਦੇ ਫਰਮਾਨ ਜਾਰੀ ਕਰ ਦਿੱਤੇ, ਜਿਸ ਦੇ ਵਿਰੋਧ 'ਚ ਅਧਿਆਪਕ ਸਟਾਫ਼ ਤਕਰੀਬਨ ਪਿਛਲੇ ਇੱਕ ਹਫ਼ਤੇ ਤੋਂ ਇਨ੍ਹਾਂ ਨਾਜਾਇਜ਼ ਬਦਲੀਆਂ ਦੇ ਖ਼ਿਲਾਫ਼ ਸੰਘਰਸ਼ ਕਰ ਰਿਹਾ ਹੈ। ਅੱਜ ਵੀ ਸਕੂਲ ਸਟਾਫ਼ ਵੱਲੋਂ ਸਕੂਲ ਦੇ ਵਿਚ ਧਰਨਾ ਦਿੱਤਾ ਗਿਆ ਪਰ ਮੈਨੇਜਮੈਂਟ ਵੱਲੋਂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ। ਇਸ ਮੌਕੇ ਡੀ. ਐੱਸ. ਪੀ. ਘੁੰਮਣ ਨੇ ਕਿਹਾ ਕਿ ਅਧਿਆਪਕਾਂ ਨੂੰ ਸੰਘਰਸ਼ ਦਾ ਅਜਿਹਾ ਰਾਹ ਚੁਣਨ ਤੋਂ ਪਹਿਲਾਂ ਮਸਲਾ ਸਥਾਨਕ ਪ੍ਰਸ਼ਾਸਨ ਜਾਂ ਡੀ. ਸੀ. ਸੰਗਰੂਰ ਦੇ ਧਿਆਨ 'ਚ ਲਿਆਉਣਾ ਚਾਹੀਦਾ ਸੀ ਪਰ ਫਿਰ ਵੀ ਉਨ੍ਹਾਂ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਮਸਲੇ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ ਤੇ ਟੈਂਕੀ ਤੋਂ ਹੇਠਾਂ ਉਤਰਨ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਵਾਉਣ ਦੇ ਮਿਲੇ ਭਰੋਸੇ ਉਪਰੰਤ ਅਧਿਆਪਕ ਪਾਣੀ ਦੀ ਟੈਂਕੀ ਤੋਂ ਹੇਠਾਂ ਉਤਰੇ। ਓਧਰ ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਵੇਦਵਰਤ ਪਲਾਹ ਨੇ ਕਿਹਾ ਕਿ ਬਦਲੀ ਹੋਏ ਦੋਵੇਂ ਅਧਿਆਪਕ ਬਹੁਤ ਤਜ਼ੁਰਬੇਕਾਰ ਹਨ ਅਤੇ ਪਿਛਲੇ ਸਮੇਂ ਤੋਂ  ਵਧੀਆ ਸੇਵਾਵਾਂ ਦੇ ਰਹੇ ਹਨ। ਅਧਿਆਪਕਾਂ ਦੀਆਂ ਬਦਲੀਆਂ ਕਰਨ ਦਾ ਫੈਸਲਾ ਕੰਪਨੀ ਦੀ ਮੈਨੇਜਮੈਂਟ ਦਾ ਹੈ। ਅਧਿਆਪਕਾਂ ਦੇ ਵਿਰੋਧ ਸਬੰਧੀ ਉਨ੍ਹਾਂ ਵੱਲੋਂ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਈ-ਮੇਲ ਦੇ ਜ਼ਰੀਏ ਸੂਚਿਤ ਕੀਤਾ ਗਿਆ ਹੈ। ਜਿਸ ਦਾ ਹਾਲੇ ਤੱਕ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਆਇਆ।

   
  
  ਮਨੋਰੰਜਨ


  LATEST UPDATES











  Advertisements