View Details << Back

ਮਈ ਦਿਹਾੜੇ ਨੂੰ “ਕਿਸਾਨ-ਮਜ਼ਦੂਰ ਏਕਤਾ ਦਿਵਸ” ਵਜੋਂ ਮਨਾਇਆ

ਭਵਾਨੀਗੜ (ਗੁਰਵਿੰਦਰ ਸਿੰਘ) ਟੋਲਾ ਪਲਾਜਾ ਵਰਕਰਜ਼ ਯੂਨੀਅਨ ਪੰਜਾਬ ਨੇ ਕਾਲਾ ਝਾੜ ਟੋਲ ਪਲਾਜਾ ਤੇ 135ਵੇਂ ਮਈ ਦਿਹਾੜੇ ਨੂੰ ਕਿਸਾਨ ਮਜ਼ਦੂਰ ਏਕਤਾ ਦਿਵਸ ਵਜੋਂ ਮਨਾਉਂਦੇ ਹੋਏ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਲਾਲ ਝੰਡਾ ਲਹਿਰਾਇਆ ਜਿਨ੍ਹਾਂ ਨੇ ਮਈ 1886 ਨੂੰ ਡਿਊਟੀ ਦਾ ਸਮਾਂ 18 ਘੰਟੇ ਦੀ ਵਜਾਏ 8 ਘੰਟੇ ਕਰਵਾਉਣ ਲਈ ਸ਼ਹਾਦਤਾਂ ਦਿਤੀਆਂ ਸਨ, ਇਸ ਮੌਕੇ ਟੋਲ ਪਲਾਜਾ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਅੱਜ ਦੇ ਦਿਨ ਮਈ 1886 ਨੂੰ ਅਮਰੀਕਾ ਦੀ ਜਾਬਰ ਹਕੂਮਤ ਵਲੋਂ ਸ਼ਿਕਾਗੋ ਸ਼ਹਿਰ ਦੀ ਹੇਅ ਮਾਰਕੀਟ ਵਿੱਚ ਹੱਕ ਮੰਗਦੇ ਕਿਰਤੀ ਲੋਕਾਂ ਉੱਪਰ ਗੋਲੀਆਂ ਦਾ ਮੀਂਹ ਵਰ੍ਹਾ ਕੇ ਖੂਨ ਦੀ ਖੇਡੀ ਗਈ ਹੋਲੀ ਨਾਲ ਸ਼ਹੀਦ ਹੋਏ ਕਿਰਤੀਆਂ ਅਤੇ ਮਜਦੂਰਾਂ ਦੇ ਆਗੂਆਂ ਤੇ ਝੂਠੇ ਮੁਕੱਦਮੇ ਬਣਾਕੇ ਫਾਂਸੀ ਲਾਏ ਗਏ ਮਹਾਨ ਸ਼ਹੀਦਾ ਨੂੰ ਸਿਜਦਾ ਕਰਦੇ ਹੋਏ ਉਹਨਾਂ ਦੀ ਯਾਦ ਨੂੰ ਤਾਜਾ ਵੀ ਕਰ ਰਹੇ ਹਾਂ ਅਤੇ ਸਾਡੇ ਇਨ੍ਹਾਂ ਸ਼ਹੀਦਾਂ ਵੱਲੋਂ ਸਿਰਜੇ ਇਤਿਹਾਸ ਤੋਂ ਪ੍ਰੇਰਨਾ ਲੈਂਦੇ ਹੋਏ ਮਜਦੂਰ ਜਮਾਤ ਨੂੰ ਦਰਪੇਸ਼ ਵਿਕਰਾਲ ਰੂਪ ਧਾਰਨ ਕਰਦੀਆਂ ਜਾ ਰਹੀਆਂ ਵਰਤਮਾਨ ਚੁਣੌਤੀਆਂ ਨਾਲ ਸਿੱਝਣ ਦਾ ਅਹਿਦ ਕਰਦੇ ਹੋਏ ਕਿਰਤੀਆਂ ਦੀ ਮਜਬੂਤ ਲਹਿਰ ਖੜੀ ਕਰਨ ਦੇ ਕਾਰਜ ਨੂੰ ਤੇਜ਼ ਰਫਤਾਰ ਨਾਲ ਕਰਨ ਦਾ ਪ੍ਰਣ ਵੀ ਕਰਾਂਗੇ, 135 ਸਾਲ ਪਹਿਲਾਂ ਹਕੂਮਤ ਨਾਲ ਟੱਕਰ ਲੈ ਕੇ ਸਾਡੇ ਸ਼ਹੀਦਾਂ ਨੇ ਮਜਦੂਰਾਂ ਦੀ ਮਜਬੂਤ ਲਹਿਰ ਖੜੀ ਕਰਕੇ ਅਤੇ ਹਕੂਮਤੀ ਜਬਰ ਦੇ ਸਾਹਮਣੇ ਹਿੱਕ ਡਾਹ ਕੇ ਕੁਰਬਾਨੀਆਂ ਦਿੰਦੇ ਹੋਏ ਸ਼ਹੀਦੀਆਂ ਪਾ ਕੇ ਮਜਦੂਰਾਂ ਲਈ ਅਨੇਕਾਂ ਸਹੂਲਤਾਂ ਦਾ ਮੁੱਢ ਬੰਨਿਆ। ਭਾਵੇਂ ਕੰਮ ਦੇ ਅੱਠ ਘੰਟਿਆਂ ਦਾ ਸਮਾਂ ਤਹਿ ਕਰਵਾ ਕੇ ਮਜਦੂਰਾਂ ਨੂੰ ਸੌਖਿਆ ਕਰਨ ਦੀ ਵੱਡੀ ਜਿੱਤ ਦੀ ਪ੍ਰਾਪਤੀ ਹੋਵੇ ਅਤੇ ਉਸ ਤੋਂ ਬਾਅਦ ਅਨੇਕਾਂ ਕਿਰਤ ਕਾਨੂੰਨਾਂ ਦਾ ਹੋਂਦ ਵਿੱਚ ਆਉਣਾ ਹੋਵੇ ਜਿਨ੍ਹਾਂ ਨਾਲ ਕਿਰਤੀਆਂ ਨੂੰ ਕਾਫੀ ਰਾਹਤਾਂ ਮਿਲੀਆਂ। ਅੱਜ ਦੇ ਦੌਰ ਵਿੱਚ ਆਲਮੀ ਪੱਧਰ ਤੇ ਵੀ ਕਿਰਤੀਆਂ ਦੇ ਹੱਕ ਖੋਹੇ ਜਾ ਰਹੇ ਹਨ। ਪਰ ਸਾਡੇ ਦੇਸ਼ ਵਿੱਚ ਜਿਹੜੀ ਸੁਨਾਮੀ ਮਜਦੂਰ ਜਮਾਤ ਅਤੇ ਆਮ ਲੋਕਾਂ ਦੇ ਹੱਕ ਹਕੂਕ ਖੋਹਣ ਦੀ ਅਤੇ ਖਤਮ ਕਰਨ ਦੀ ਮੋਦੀ ਦੀ ਅਗਵਾਈ ਵਾਲੀ ਫਾਸੀਵਾਦੀ ਸਰਕਾਰ ਦੇ ਸਮੇਂ ਵਿੱਚ ਚੱਲ ਰਹੀ ਹੈ ਜੇਕਰ ਉਸ ਵਿਰੁੱਧ ਉਸੇ ਰਫਤਾਰ ਨਾਲ ਲਾਮਬੰਦੀ ਕਰਕੇ ਨਾ ਟਕਰਿਆ ਗਿਆ ਤਾਂ ਸਿੱਟੇ ਬਹੁਤ ਹੀ ਭਿਆਨਕ ਅਤੇ ਤਬਾਹਕੁੰਨ ਹੋਣਗੇ। ਮੋਦੀ ਸਰਕਾਰ ਬਿਨਾਂ ਕਿਸੇ ਸ਼ਰਮ ਅਤੇ ਝਿਜਕ ਦੇ ਕਾਰਪੋਰੇਟ ਘਰਾਣਿਆਂ ਅਤੇ ਬਹੁ ਰਾਸ਼ਟਰੀ ਕੰਪਨੀਆਂ ਦੀ ਕਠਪੁਤਲੀ ਬਣਕੇ ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਆਰਥਕ ਨੀਤੀਆਂ ਤੇਜੀ ਨਾਲ ਅਮਲ ਵਿੱਚ ਲਿਆ ਰਹੀ ਹੈ। ਦੇਸ਼ ਦਾ ਸਮੁੱਚਾ ਪਬਲਿਕ ਸੈਕਟਰ ਖਤਮ ਕਰਨ ਦੇ ਕੰਢੇ ਤੇ ਪਹੁੰਚਾ ਦਿੱਤਾ ਹੈ। ਇਸ ਦੀ ਵੇਚ ਵੱਟ ਬੜੀ ਬੇਸ਼ਰਮੀ ਨਾਲ ਕੀਤੀ ਜਾ ਰਹੀ ਹੈ। ਜਿਸ ਨੂੰ ਲਗਭਗ ਕਾਰਪੋਰੇਟਾਂ ਦੇ ਹਵਾਲੇ ਕਰ ਦਿੱਤਾ ਗਿਆ। ਵੱਡੇ ਪੱਧਰ ਤੇ ਨੌਕਰੀਆਂ ਜਬਰੀ ਖਤਮ ਕਰ ਦਿੱਤੀਆਂ ਗਈਆਂ ਹਨ। ਠੇਕੇਦਾਰੀ ਪ੍ਰਥਾ ਰਾਹੀਂ ਨਿਗੁਣੀਆਂ ਉਜਰਤਾਂ ਬਦਲੇ ਨੌਜਵਾਨ ਵਰਗ ਨੂੰ ਲੁਟਿਆ ਜਾ ਰਿਹਾ ਹੈ। ਜਿਨ੍ਹਾਂ ਦਾ ਭਵਿੱਖ ਹਨੇਰੀ ਖਾਈ ਵੱਲ ਧੱਕ ਦਿੱਤਾ ਹੈ। ਕਾਨੂੰਨੀ ਹੱਕ ਖੋਹਣ ਲਈ ਜਾਬਰ ਤਰੀਕੇ ਨਾਲ ਸਾਰੇ ਕਿਰਤ ਕਾਨੂੰਨ ਖਤਮ ਕਰਕੇ 4 ਲੇਬਰ ਕੋਡਜ਼ ਵਿੱਚ ਸਮੇਟਦੇ ਹੋਏ ਪੂਰੀ ਤਰ੍ਹਾਂ ਕਾਰਪੋਰੇਟੀ ਲੁੱਟ—ਖਸੁੱਟ ਲਈ ਰਾਹ ਪੱਧਰਾ ਕਰ ਦਿੱਤਾ ਹੈ। ਕਿਰਤੀਆਂ ਦੇ ਕਾਨੂੰਨੀ ਹੱਕ ਸਿਫਰ ਦੇ ਬਰਾਬਰ ਕਰ ਦਿੱਤੇ ਗਏ ਹਨ। ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ, ਮਜਦੂਰਾਂ ਅਤੇ ਛੋਟੇ ਦੁਕਾਨਦਾਰਾਂ ਦੇ ਖਾਤਮੇ ਦਾ ਮੁੱਢ ਬੰਨ ਦਿੱਤਾ ਹੈ। ਲੱਖਾਂ ਕਿਸਾਨਾਂ ਵੱਲੋਂ ਪਿਛਲੇ ਪੰਜ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਸ਼ਾਂਤਮਈ ਤਰੀਕੇ ਨਾਲ ਕੀਤੇ ਜਾ ਰਹੇ ਵਿਰੋਧ ਨੂੰ ਵੀ ਸਰਕਾਰ ਢੀਠਤਾਈ ਨਾਲ ਨਜ਼ਰ ਅੰਦਾਜ ਕਰਦੀ ਆ ਰਹੀ ਹੈ। ਦੇਸ਼ ਨੂੰ ਫਿਰਕੂ ਲੀਹਾਂ ਤੇ ਵੰਡਣ ਦਾ ਰ.ਸ.ਸ. ਦਾ ਅਜੰਡਾ ਸਰਕਾਰੀ ਸਰਪ੍ਰਸਤੀ ਹੇਠ ਲਾਗੂ ਕੀਤਾ ਜਾ ਰਿਹਾ ਹੈ। ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸੈਕੂਲਰਿਜਮ ਦਾ ਮਜਾਕ ਉਡਾਇਆ ਜਾ ਰਿਹਾ ਹੈ। ਸੰਵਿਧਾਨਕ ਸੰਸਥਾਵਾਂ ਦੇ ਮੁੱਖੀਆਂ ਵਜੋਂ ਰ.ਸ.ਸ. ਦੇ ਸਮਰਥਕਾਂ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਹਨ। ਲੋਕ ਪੱਖੀ ਬੁੱਧੀਜੀਵੀਆਂ ਦੇ ਕਤਲ ਹੋ ਰਹੇ ਹਨ। ਘੱਟ ਗਿਣਤੀਆਂ ਦੀ ਜੀਣਾ ਦੁੱਭਰ ਕਰ ਦਿੱਤਾ ਗਿਆ ਹੈ। ਵਿਦਿਆ ਦਾ ਭਗਵਾਕਰਨ ਕੀਤਾ ਜਾ ਰਿਹਾ ਹੈ। ਮੀਡੀਆਂ ਨੂੰ ਸਰਕਾਰੀ ਬੋਲੀ ਬੋਲਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਪਾਰਲੀਮੈਂਟਰੀ ਸਿਸਟਮ ਨੂੰ ਕਮਜੋਰ ਕਰ ਦਿੱਤਾ ਗਿਆ। ਵਿਰੋਧੀਆਂ ਦੀ ਅਵਾਜ ਨੂੰ ਹਰ ਤਰੀਕੇ ਨਾਲ ਕੁਚਲਿਆ ਜਾ ਰਿਹਾ ਹੈ। ਦੇਸ਼ ਵਿੱਚ ਗਰੀਬੀ, ਬੇਰੁਜਗਾਰੀ, ਮਹਿੰਗਾਈ, ਬੀਮਾਰੀਆਂ, ਲਾਕਾਨੂੰਨੀ ਅਤੇ ਜਬਰ ਜੁਲਮ ਆਦਿ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਮੁਕਦੀ ਗੱਲ ਅੱਜ ਦੇਸ਼ ਦੇ ਕਾਰਪੋਰੇਟ ਘਰਾਣਿਆਂ ਤੋਂ ਬਿਨਾਂ ਹਰ ਵਰਗ ਨੂੰ ਬੁਰੀ ਤਰ੍ਹਾਂ ਮੁਸੀਬਤਾਂ ਵਿੱਚ ਧੱਕ ਦਿੱਤਾ ਗਿਆ ਹੈ। ਅਜਿਹੇ ਹਾਲਤਾਂ ਵਿੱਚ ਅਸੀਂ ਆਪਣਾ ਮਜਦੂਰ ਦਿਹਾੜਾ ਮਨਾਉਂਦੇ ਹੋਏ ਇਨ੍ਹਾਂ ਸਾਰੀਆਂ ਅਲਾਮਤਾਂ ਅਤੇ ਸਰਕਾਰ ਦੇ ਮਨਸੂਬਿਆਂ ਵਿਰੁੱਧ ਲੋਕ ਲਹਿਰਾਂ ਖੜੀਆਂ ਕਰਨ ਦੀ ਵਿਊਂਤਬੰਦੀ ਕਰਨੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਕਰੋਨਾ ਮਾਹਾਂਮਾਰੀ ਦੀ ਲਹਿਰ ਨੇ ਇਸ ਲੁਟੇਰੇ ਆਦਮਖੋਰ ਪ੍ਰਬੰਧ ਨੂੰ ਪੂਰੀ ਨੰਗਾ ਕਰਕੇ ਰੱਖ ਦਿੱਤਾ ਹੈ। ਇੱਕ ਪਾਸੇ ਜਿੱਥੇ ਲੋਕ ਘਟੀਆ ਸਿਹਤ ਪ੍ਰਬੰਧ ਕਰਕੇ ਮਰ ਰਹੇ ਹਨ। ਉੱਥੇ ਦੂਜੇ ਪਾਸੇ ਰੋਜਾਨਾ ਕੰਮ ਕਰਕੇ ਆਪਣਾ ਗੁਜਾਰਾ ਕਰਨ ਵਾਲੇ ਮਿਹਨਤਕਸ਼ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਕੇਂਦਰ ਅਤੇ ਰਾਜ ਸਰਕਾਰਾਂ ਨੇ ਸਮਾਂ ਰਹਿੰਦੇ ਲੌਕਡਾਊਨ ਕਰਨ ਤੋਂ ਪਹਿਲਾਂ ਲੋਕਾਂ ਦੇ ਰਾਸ਼ਨ ਪਾਣੀ, ਦਵਾਈ-ਇਲਾਜ ਦਾ ਕੋਈ ਪੱਕਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਸੀ , ਉਹਨਾਂ ਕਿਹਾ ਕਿ ਭਾਰਤ ਦੀ ਕਾਰਪੋਰੇਟ ਲੁਟੇਰਿਆਂ ਦੀ ਤਰਜਮਾਨੀ ਕਰਦੀ ਸਰਕਾਰ ਕਰੋਨਾ ਮਹਾਮਾਰੀ ਵਿੱਚ ਮਾਨਵਤਾ ਨੂੰ ਬਚਾਉਣ ਦੀ ਬਿਜਾਏ, ਇਸਦੀ ਆੜ ਵਿੱਚ ਕਿਰਤੀ ਲੋਕਾ ਦੀ ਲੁੱਟ ਤੇ ਲੁਟੇਰੇ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ੇ ਵਧਾਉਣ ਵਿੱਚ ਲੱਗੀ ਹੋਈ ਹੈ, “ਆਫ਼ਤ ਨੂੰ ਅਵਸਰ ਵਿੱਚ ਬਦਲੋ” ਮੋਦੀ ਸਰਕਾਰ ਦਾ ਨਾਹਰਾ ਇਸਦੀ ਹੀ ਗਵਾਹੀ ਭਰਦਾ ਹੈ। ਸਰਕਾਰ ਬੋਲਣ, ਲਿਖਣ ਤੇ ਸੰਘਰਸ਼ ਕਰਨ ਦੇ ਸੰਵਿਧਾਨਿਕ ਅਧਿਕਾਰਾਂ ਦੇ ਖ਼ਾਤਮੇ ਵੱਲ ਵੱਧ ਰਹੀ ਹੈ। ਚਾਲੀ ਲੇਬਰ ਕਾਨੂੰਨਾ ਨੂੰ 4 ਲੇਬਰ ਕੋਡ ਵਿੱਚ ਬਦਲਣਾ ਤੇ 3 ਕਾਲੇ ਖੇਤੀ ਕਾਨੂੰਨ ਠੋਸਣਾ, ਇਸੇ ਦਿਸ਼ਾ ਵੱਲ ਵੱਧਦੇ ਕਦਮ ਹਨ। ਉਹਨਾਂ ਕਿਹਾ ਕਿ ਇਸੇ ਕਰਕੇ ਭਾਰਤ ਦੇ ਕਿਰਤੀ ਵਰਗ ਨੇ ਇਸ ਸਾਲ ਦੇ 135ਵੇ ਮਈ ਦਿਹਾੜੇ ਨੂੰ “ਕਿਸਾਨ-ਮਜ਼ਦੂਰ ਏਕਤਾ ਦਿਵਸ” ਵਜੋਂ ਮਨਾਉਣ ਦਾ ਠੀਕ ਫੈਸਲਾ ਕੀਤਾ ਹੈ। ਇਸ ਮੌਕੇ ਦਵਿੰਦਰਪਾਲ ਸਿੰਘ,ਗੁਰਮੀਤ ਸਿੰਘ,ਕਾਮਰੇਡ ਰਣਧੀਰ ਸਿੰਘ, ਜਿੰਦਰ ਸਿੰਘ,ਨਰੈਣ ਸਿੰਘ,ਰਵਿੰਦਰ ਸਿੰਘ,ਰਾਜਿੰਦਰ ਸਿੰਘ,,ਗੁਰਦੀਪ ਸਿੰਘ, ਗੁਰਦੀਪ ਸਿੰਘ ਜੈਜੀ, ਪਰਵਿੰਦਰ ਸਿੰਘ, ਨਰਿੰਦਰ ਸਿੰਘ, ਬਲਜਿੰਦਰ ਸਿੰਘ ਮੋਜੂਦ ਸਨ

   
  
  ਮਨੋਰੰਜਨ


  LATEST UPDATES











  Advertisements