View Details << Back

ਆਮ ਆਦਮੀ ਪਾਰਟੀ ਪਟਿਆਲਾ ਵਪਾਰ ਮੰਡਲ ਵੱਲੋਂ ਭਲਕੇ ਵਪਾਰੀਆਂ ਦੇ ਹੱਕ ਚ ਧਰਨੇ ਨੂੰ ਦੇਵੇਗੀ ਸਮਰਥਨ
ਕੈਪਟਨ ਸਰਕਾਰ ਵਪਾਰੀਆਂ ਨੂੰ ਦੱਬਣਾ ਕੁਚਲਣਾ ਬੰਦ ਕਰੇ: ਕੁੰਦਨ ਗੋਗੀਆ

ਪਟਿਆਲਾ (ਬੇਅੰਤ ਸਿੰਘ ਰੋਹਟੀ) ਆਮ ਆਦਮੀ ਪਾਰਟੀ ਨੇ ਅੱਜ ਕੈਪਟਨ ਸਰਕਾਰ ਨੂੰ ਆਖਿਆ ਕਿ ਉਹ ਸਿਹਤ ਸੇਵਾਵਾਂ ਵਿਚ ਸੁਧਾਰ ਕਰੇ ਨਾ ਕਿ ਜਬਰੀ ਸਭ ਕੁਝ ਬੰਦ ਕਰਵਾਉਣ ਦੇ ਰਾਹ ਪਵੇ ਕਿਉਂਕਿ ਇਸ ਬੰਦੀ ਨਾਲ ਛੋਟੇ ਦੁਕਾਨਦਾਰਾਂ, ਵਪਾਰੀਆਂ ਤੇ ਹੁਨਰਮੰਦ ਵਰਕਰਾਂ 'ਤੇ ਤਬਾਹੀ ਭਰਿਆ ਅਸਰ ਪੈਂਦਾ ਹੈ। ਇਹ ਵਿਚਾਰ ਅੱਜ ਪਾਰਟੀ ਦੇ ਵਪਾਰ ਵਿੰਗ ਪੰਜਾਬ ਦੇ ਜੋਆਇੰਟ ਸਕੱਤਰ ਕੁੰਦਨ ਗੋਗੀਆ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਸਾਂਝੇ ਕੀਤੇ ਗਏ। ਇਸ ਮੌਕੇ ਪਾਰਟੀ ਵਲੋਂ ਪਟਿਆਲਾ ਵਪਾਰ ਮੰਡਲ ਵੱਲੋਂ ਕਲ ਅਨਾਰਦਾਣਾ ਚੌਂਕ ਵਿਖੇ ਵਪਾਰੀਆਂ ਦੇ ਹੱਕ ਵਿੱਚ ਦਿੱਤੇ ਜਾ ਰਹੇ ਧਰਨੇ ਨੂੰ ਸਮਰਥਨ ਦੇਣ ਦਾ ਫੈਸਲਾ ਵੀ ਕੀਤਾ ਗਿਆ।ਇਸ ਮੌਕੇ ਉਨ੍ਹਾਂ ਪ੍ਰੈਸ ਨਾਲ ਗੱਲ ਕਰਦਿਆਂ ਕੁੰਦਨ ਗੋਗੀਆ ਜੋਆਇੰਟ ਸੈਕਟਰੀ ਵਪਾਰ ਵਿੰਗ ਪੰਜਾਬ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਅਤੇ ਇਸਦੇ ਕੁਪ੍ਰਸ਼ਾਸਨ ਖਿਲਾਫ ਵੱਡੀ ਪੱਧਰ 'ਤੇ ਹੋ ਰਹੇ ਰੋਸ ਵਿਖਾਵਿਆਂ ਨੂੰ ਰੋਕਣ ਲਈ ਇਕਪਾਸੜ ਫੈਸਲੇ ਲੈ ਰਹੀ ਹੈ। ਉਹਨਾਂ ਸਰਕਾਰ ਨੂੰ ਆਖਿਆ ਕਿ ਉਹ ਲੋਕਾਂ ਦੇ ਜੀਵਨ ਤੇ ਰੋਜ਼ੀ ਰੋਟੀ ਦਰਮਿਆਨ ਸੰਤੁਲਨ ਕਾਇਮ ਕਰੇ। ਉਹਨਾਂ ਕਿਹਾ ਕਿ ਸਰਕਾਰ ਨੂੰ ਆਕਸੀਜਨ ਅਤੇ ਵੈਂਟੀਲੇਟਰ ਸੇਵਾਵਾਂ ਤੇ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨਾ ਚਾਹੀਦਾ ਹੈ, ਬੈਡਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਤੇ ਹੋਰ ਡਾਕਟਰ ਤੇ ਨਰਸਾਂ ਭਰਤੀ ਕਰਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਇਹ ਸਭ ਕੁਝ ਕਰਨ ਦੀ ਥਾਂ ਸਰਕਾਰ ਬਿਨਾਂ ਕਿਸੇ ਵਿਗਿਆਨਕ ਆਧਾਰ 'ਤੇ ਜਬਰੀ ਸਭ ਕੁਝ ਬੰਦ ਕਰਵਾਉਣ 'ਤੇ ਲੱਗੀ ਹੈ। ਉਹਨਾਂ ਕਿਹਾ ਕਿ ਇਸ ਬੰਦ ਨਾਲ ਮਾਰਕੀਟਾਂ ਵਿਚ ਉਦੋਂ ਭੀੜ ਹੋਰ ਵੱਧ ਜਾਵੇਗੀ ਜਦੋਂ ਉਹ ਮੁੜ ਖੁੱਲਣਗੀਆਂ ਤੇ ਇਸ ਨਾਲ ਕੋਰੋਨਾ ਕੇਸਾਂ ਵਿਚ ਹੋਰ ਵਾਧਾ ਹੋਵੇਗਾ। ਉਹਨਾਂ ਕਿਹਾ ਕਿ ਇਸ ਨਾਲ ਜਿਥੇ ਦੁਕਾਨਦਾਰਾਂ ਤੇ ਵਪਾਰੀਆਂ ਦੋਵਾਂ ਨੂੰ ਮਾਰ ਪੈ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸੱਚ ਮੁੱਚ ਬੰਦ ਵਿਚ ਦਿਲਚਸਪੀ ਰੱਖਦੀ ਹੈ ਤਾਂ ਉਸਨੂੰ ਪ੍ਰਭਾਵਤ ਹੋਣ ਵਾਲੇ ਲੋਕਾਂ ਲਈ ਵਿੱਤੀ ਪੈਕੇਜ ਵੀ ਦੇਣਾ ਚਾਹੀਦਾ ਹੈ।
ਜਿਸ ਤਰਾਂ ਅੱਜ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ 72 ਲੱਖ ਪਰਿਵਾਰਾਂ ਨੂੰ 2 ਮਹੀਨੇ ਤੱਕ ਦਾ ਮੁਫ਼ਤ ਰਾਸ਼ਨ ਅਤੇ ਆਟੋ-ਟੈਕਸੀ ਵਾਲਿਆਂ ਨੂੰ 5 ਹਜ਼ਾਰ ਰੁਪਏ ਦੀ ਵਿੱਤੀ ਮਦਦ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਜੋ ਲੋਕ ਰੋਜ਼ਾਨਾ ਕੰਮ ਕਰਦੇ ਹਨ, ਉਹਨਾਂ ਲੱਖਾਂ ਦੁਕਾਨਦਾਰਾਂ ਤੇ ਵਪਾਰੀਆਂ ਦਾ ਰੋਜ਼ਾਨਾ ਦੀ ਕਮਾਈ ਖੁੱਸ ਗਈ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਆਸ ਸੀ ਕਿ ਸਰਕਾਰ ਆਰਥਿਕ ਗਤੀਵਿਧੀਆਂ ਤੇਜ਼ ਕਰੇਗੀ ਪਰ ਇਸਨੇ ਤਾਂ ਮਹਾਮਾਰੀ ਨਾਲ ਨਜਿੱਠਣ ਵਿਚ ਆਪਣੀ ਅਸਫਲਤਾ 'ਤੇ ਪਰਦਾ ਪਾਉਣ ਲਈ ਸਾਰੇ ਵਪਾਰ ਹੀ ਬੰਦ ਕਰ ਦਿੱਤੇ। ਕੁੰਦਨ ਗੋਗੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਰਕਾਰ ਲੋਕਾਂ ਦੇ ਰੋਹ ਤੋਂ ਡਰ ਰਹੀ ਹੈ ਕਿ ਉਹ ਸੜਕਾਂ 'ਤੇ ਉਤਰ ਆਉਣਗੇ ਤੇ ਇਸੇ ਲਈ ਉਸਨੇ ਇਕ ਵਾਰ ਫਿਰ ਤੋਂ ਸਭ ਕੁਝ ਬੰਦ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਪਾਰੀ ਭੁੱਖੇ ਮਰ ਰਹੇ ਹਨ। ਵਪਾਰੀਆਂ ਨੂੰ ਪੁਲਸ ਤੰਗ ਕਰਨ ’ਤੇ ਲੱਗੀ ਹੋਈ ਹੈ ਜਦੋਂਕਿ ਵਪਾਰੀ ਹਰ ਸਮੇਂ ਹਰ ਥਾਂ ’ਤੇ ਪੁਲਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹਨ। ਚਾਹੇ ਉਹ ਰੈੱਡ ਕਰਾਸ ਵਿਚ ਮਦਦ ਦੀ ਗੱਲ ਹੋਵੇ ਜਾਂ ਪੁਲਸ ਪ੍ਰਸ਼ਾਸਨ ਵੱਲੋਂ ਇਕੱਠੇ ਕੀਤੇ ਗਏ ਫੰਡਾਂ ਦੀ। ਹਰ ਸਮੇਂ ਵਪਾਰੀਆਂ ਨੇ ਦਿਲ ਖੋਲ੍ਹ ਕੇ ਪ੍ਰਸ਼ਾਸਨ ਨੂੰ ਦਾਨ ਦਿੱਤਾ ਹੈ ਪਰ ਉਲਟਾ ਪ੍ਰਸ਼ਾਸਨ ਵਪਾਰੀਆਂ ਨੂੰ ਤੰਗ ਕਰ ਰਿਹਾ ਹੈ। ਮੱਧਮ ਵਰਗ ਦੇ ਵਪਾਰੀ ਪਿਛਲੇ ਇਕ ਸਾਲ ਤੋਂ ਭੁੱਖੇ ਮਰ ਰਹੇ ਹਨ, ਭੁੱਖੇ ਮਰਦੇ ਹੀ ਅੱਜ ਸੜਕਾਂ ’ਤੇ ਆਏ ਹਨ। ਜੇਕਰ ਵਪਾਰੀ ਭੁੱਲ ਭੁਲੇਖੇ ਵੀ ਕੋਈ ਦੁਕਾਨ ਖੋਲ੍ਹ ਲਵੇ ਤਾਂ ਉਨ੍ਹਾਂ ’ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਅਤੇ ਪੁਲਸ ਅਧਿਕਾਰੀ ਉਨ੍ਹਾਂ ਨੂੰ ਜ਼ਲੀਲ ਕਰਦੇ ਹਨ। ਹੁਣ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਵਪਾਰੀਆਂ ਦੇ ਹਰ ਸੁੱਖ-ਦੁੱਖ ਅਤੇ ਹਰ ਸੰਘਰਸ਼ ਵਿੱਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਨੇ ਬੋਲਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਵਪਾਰੀਆਂ ’ਤੇ ਪਰਚਾ ਦਰਜ ਕਰਨਾ ਹੈ ਤਾਂ ਕਰ ਲਵੇ। ਦੁਕਾਨਾਂ ਬੰਦ ਕਰਾਉਣ ਨਾਲ ਤਾਂ ਕੋਰੋਨਾ ਖ਼ਤਮ ਨਹੀਂ ਹੁੰਦਾ। ਕੋਰੋਨਾ ਤਾਂ ਵੈਕਸੀਨ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਨਾਲ ਹੋਵੇਗਾ। ਹਸਪਤਾਲਾਂ ਵਿਚ ਸਰਕਾਰ ਆਕਸੀਜਨ ਅਤੇ ਵੈਕਸੀਨ ਦਾ ਪ੍ਰਬੰਧ ਕਰੇ। ਇਹ ਪ੍ਰਬੰਧ ਤਾਂ ਸਰਕਾਰ ਕਰ ਨਹੀਂ ਰਹੀ ਬਸ ਵਪਾਰੀਆਂ ਨੂੰ ਹੀ ਤੰਗ ਕਰ ਰਹੀ ਹੈ। ਹੁਣ ਵਪਾਰੀਆਂ ਨਾਲ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਇਸੇ ਤਰ੍ਹਾਂ ਨਾਲ ਵਪਾਰੀਆਂ ਨਾਲ ਧੱਕਾ ਕਰਦੀ ਰਹੇਗੀ ਤਾਂ ਵਪਾਰੀ ਇੱਟ ਨਾਲ ਇੱਟ ਵਜਾ ਦੇਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੀ ਹੋਵੇਗੀ।ਇਸ ਮੌਕੇ ਮੀਟਿੰਗ ਵਿੱਚ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ, ਸਿਮਰਨਪਰੀਤ ਸਿੰਘ ਉਪ-ਪ੍ਰਧਾਨ ਯੂਥ ਵਿੰਗ, ਸ਼ੁਸ਼ੀਲ ਮਿੱਡਾ, ਰਾਜਵੀਰ ਸਿੰਘ, ਜਸਵਿੰਦਰ ਰਿੰਪਾ ( ਤਿੰਨੋਂ ਬਲਾਕ ਪ੍ਰਧਾਨ), ਜਗਤਾਰ ਸਿੰਘ ਤਾਰੀ, ਗੋਲੂ ਰਾਜਪੂਤ, ਸੰਨੀ ਡਾਬੀ, ਧੀਰਜ਼ ਨੋਨੀ, ਹਰਜੀਤ ਸਿੰਘ ਮੋਨੂੰ ਆਦਿ ਹਾਜ਼ਰ ਸਨ।


   
  
  ਮਨੋਰੰਜਨ


  LATEST UPDATES











  Advertisements