View Details << Back

ਕੈਂਟਰ ਤੇ ਇੱਟਾਂ ਦੀ ਭਰੀ ਟਰਾਲੀ ਦੇ ਵਿਚਕਾਰ ਵਾਪਰੇ ਹਾਦਸੇ ਚ ਇੱਕ ਦੀ ਮੌਤ

ਭਵਾਨੀਗੜ੍ਹ (ਗੁਰਵਿੰਦਰ ਸਿੰਘ ) ਬੀਤੀ ਰਾਤ ਪਿੰਡ ਘਰਾਚੋਂ ਦੀ ਅਨਾਜ ਮੰਡੀ ਨੇੜੇ ਸੁਨਾਮ-ਪਟਿਆਲਾ ਮੁੱਖ ਸੜਕ ’ਤੇ ਇੱਕ ਕੈਂਟਰ ਅਤੇ ਇੱਟਾਂ ਨਾਲ ਭਰੇ ਟਰੈਕਟਰ- ਟਰਾਲੀ ਦਰਮਿਆਨ ਹੋਈ ਸਿੱਧੀ ਟੱਕਰ ’ਚ ਕੈਂਟਰ ਦੇ ਚਾਲਕ ਦੀ ਦਰਦਨਾਕ ਮੌਤ ਹੋ ਗਈ, ਜਦੋਂਕਿ ਟਰੈਕਟਰ ’ਤੇ ਸਵਾਰ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ।   ਹਾਦਸੇ ਸਬੰਧੀ ਘਰਾਚੋਂ ਚੌਂਕੀ ਦੇ ਇੰਚਾਰਜ ਐੱਸ. ਆਈ. ਕ੍ਰਿਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਧਵਾਰ ਰਾਤ ਪਿੰਡ ਘਰਾਚੋਂ ਦੀ ਅਨਾਜ ਮੰਡੀ ਕੋਲ ਸੁਨਾਮ ਸਾਇਡ ਵੱਲ ਨੂੰ ਜਾ ਰਹੇ ਇੱਕ ਕੈਂਟਰ ਦੀ ਟੱਕਰ ਸਾਹਮਣੇ ਤੋਂ ਆਉਂਦੇ ਇੱਟਾਂ ਨਾਲ ਭਰੇ ਟਰੈਕਟਰ- ਟਰਾਲੀ ਨਾਲ ਹੋ ਗਈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕੈਂਟਰ ਦੀ ਅਗਲੀ ਸਾਇਡ ਦੇ ਪਰਖੱਚੇ ਉੱਡ ਗਏ, ਜਿਸ ਕਾਰਨ ਕੈਂਟਰ ਦਾ ਡਰਾਈਵਰ ਜਗਰਾਜ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸੁਨਾਮ ਕੈਂਟਰ ਵਿੱਚ ਹੀ ਬੁਰੀ ਤਰ੍ਹਾਂ ਨਾਲ ਫਸ ਗਿਆ, ਜਿਸ ਨੂੰ ਲੋਕਾਂ ਨੇ ਭਾਰੀ ਜਦੋ ਜਹਿਦ ਮਗਰੋਂ ਬਾਹਰ ਕੱਢਿਆ।ਗੰਭੀਰ ਹਾਲਤ 'ਚ ਜਖ਼ਮੀ ਹੋਏ ਜਗਰਾਜ ਸਿੰਘ ਨੂੰ ਮੌਕੇ ਤੋਂ 108 ਐਬੂੰਲੈਂਸ ਰਾਹੀ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸਨੇ ਦਮ ਤੋੜ ਦਿੱਤਾ। ਓਧਰ ਇਸ ਹਾਦਸੇ ਵਿੱਚ ਟਰੈਕਟਰ ਟਰਾਲੀ 'ਤੇ ਸਵਾਰ ਚਮਕੌਰ ਸਿੰਘ ਪੁੱਤਰ ਟੱਲਾ ਸਿੰਘ ਵਾਸੀ ਮੌੜ, ਰਾਮ ਸਿੰਘ ਪੁੱਤਰ ਸਵਰਨ ਸਿੰਘ ਅਤੇ ਅਮਨਜੋਤ ਸਿੰਘ ਪੁੱਤਰ ਰਾਮ ਸਿੰਘ ਦੋਵੇਂ ਵਾਸੀ ਘਰਾਚੋਂ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

   
  
  ਮਨੋਰੰਜਨ


  LATEST UPDATES











  Advertisements