View Details << Back

ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਮੁੱਖ ਦਫਤਰ ਦੇ ਵਿਹੜੇ ਵਿੱਚ ਮਹਾਨ ਮੁਲਾਜਮ ਆਗੂ ਨੂੰ ਕੀਤੀ ਸ਼ਰਧਾਂਜਲੀ ਭੇਟ

ਪਟਿਆਲਾ 15 ਮਈ(ਬੇਅੰਤ ਸਿੰਘ ਰੋਹਟੀ ਖਾਸ) ਅੱਜ ਪਟਿਆਲਾ ਵਿਖੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਮੁੱਖ ਦਫਤਰ ਦੇ ਵਿਹੜੇ ਵਿੱਚ ਕਾਮਰੇਡ ਸੱਜਣ ਸਿੰਘ ਦੇ ਦੁਖਦਾਈ ਵਿਛੋੜੇ ਦੇ ਸਬੰਧ ਵਿੱਚ ਇੱਕ ਸ਼ੋਕ ਸਭਾ ਕੀਤੀ ਗਈ। ਜਿੱਥੇ ਇਸ ਮਹਾਨ ਮੁਲਾਜਮ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਅਹਿਦ ਕੀਤਾ ਗਿਆ ਕਿ ਕਾਮਰੇਡ ਸੱਜਣ ਸਿੰਘ ਨੇ ਜੋ ਮੁਲਾਜਮ ਮਜਦੂਰ ਵਰਗ ਲਈ ਆਪਣੇ 60 ਸਾਲ ਤੋਂ ਵੱਧ ਦੇ ਸਮੇਂ ਤੱਕ ਮੁਲਾਜਮ ਲਹਿਰ ਦੀ ਅਗਵਾਈ ਕਰਦਿਆਂ ਬੇਮਿਸਾਲ ਪ੍ਰਾਪਤੀਆਂ ਕਰਕੇ ਮੁਲਾਜਮ ਵਰਗ ਦੀ ਝੋਲੀ ਵਿੱਚ ਪਾਈਆਂ ਅਤੇ ਇੱਕ ਮਜਬੂਤ ਸੰਗਠਨ ਬਣਾਇਆ, ਉਸ ਵਿਰਾਸਤ ਨੂੰ ਸਾਂਭਿਆ ਵੀ ਜਾਵੇਗਾ ਅਤੇ ਉਹਨਾਂ ਦੇ ਸੰਘਰਸ਼ਮਈ ਜੀਵਨ ਅਤੇ ਟਰੇਡ ਯੂਨੀਅਨ ਤਜਰਬੇ ਤੋਂ ਪ੍ਰੇਰਨਾ ਲੈਂਦੇ ਹੋਏ ਮਜਦੂਰ ਜਮਾਤ ਦੇ ਸੰਘਰਸ਼ ਨੂੰ ਮੱਠਾ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਯੂਨੀਅਨ ਨੂੰ ਹੋਰ ਮਜਬੂਤ ਕਰਨ ਲਈ ਏਕਤਾਬੱਧ ਹੋਕੇ ਕੰਮ ਕੀਤਾ ਜਾਵੇਗਾ।
ਸ਼ੋਗ ਸਭਾ ਵਿੱਚ ਇਕੱਤਰ ਹੋਏ ਗਮਗੀਨ ਸਾਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਪ.ਸ.ਸ.ਫ. ਪੰਜਾਬ ਅਤੇ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਸਾਥੀ ਸੱਜਣ ਸਿੰਘ ਕਰੋਨਾ ਮਹਾਂਮਾਰੀ ਦੀ ਬੇਕਾਬੂ ਹੋਈ ਸਥਿਤੀ ਦੀ ਚਪੇਟ ਵਿੱਚ ਆਕੇ ਸਾਨੂੰ ਸਦਾ ਲਈ ਵਿਛੋੜਾ ਦੇ ਗਏ। ਭਾਵੇਂ ਉਨ੍ਹਾਂ ਦੇ ਇਲਾਜ ਵਿੱਚ ਪਰਿਵਾਰਕ ਮੈਂਬਰਜ਼ ਅਤੇ ਪੰਜਾਬ ਦੀ ਆਗੂ ਟੀਮ ਨੇ ਕੋਈ ਕਸਰ ਬਾਕੀ ਨਹੀਂ ਸੀ ਛੱਡੀ ਪਰ ਉਨ੍ਹਾਂ ਬਚਾਇਆ ਨਹੀਂ ਜਾ ਸਕਿਆ ਅਤੇ ਉਹ ਮਿਤੀ 14—05—2021 ਨੂੰ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਅਤੇ ਸਾਡੇ ਲਈ ਇੱਕ ਗੌਰਵਮਈ ਇਤਿਹਾਸ ਸਿਰਜਕੇ ਛੱਡ ਗਏ।
ਧਾਲੀਵਾਲ ਅਤੇ ਲੁਬਾਣਾ ਨੇ ਕਿਹਾ ਕਿ ਸਾਥੀ ਸੱਜਣ ਸਿੰਘ ਦੀ ਸੰਘਰਸ਼ਮਈ ਜਿੰਦਗੀ ਦਾ ਜਿਕਰ ਅਤੇ ਉਲੇਖ ਕਰਨ ਲਈ ਤਾਂ ਇੱਕ ਮੋਟੀ ਕਿਤਾਬ ਛਾਪਕੇ ਹੀ ਕੀਤਾ ਜਾ ਸਕਦਾ ਹੈ ਪਰ ਜੇਕਰ ਉਹਨਾਂ ਦੀ ਕਾਰਜਸ਼ੈਲੀ, ਕੁਰਬਾਨੀ, ਜਥੇਬੰਦਕ ਯੋਗਤਾ, ਤਜਰਬਾ, ਸਿਧਾਂਤਕ ਸੂਝ, ਨਿਡਰਤਾ, ਪ੍ਰਤੀਬੱਧਤਾ ਅਤੇ ਨੈਤਿਕ ਗੁਣਾ ਤੇ ਸੰਖੇਪ ਝਾਤ ਵੀ ਮਾਰੀਏ ਤਾਂ ਉਹਨਾਂ ਵੱਲੋਂ ਪੰਜਾਬ ਦੇ ਸਮੁੱਚੇ ਮੁਲਾਜਮਾਂ ਲਈ 4 ਵਾਰ ਮਰਨ ਵਰਤ ਰੱਖਕੇ ਆਪਣੇ ਜਿਸਮ ਦੀ ਚਰਬੀ ਢਾਲ ਕੇ ਪੰਜਾਬ ਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰਕੇ ਪੇ ਕਮਿਸ਼ਨ ਲਾਗੂ ਕਰਵਾਕੇ ਵੱਡੇ ਆਰਥਕ ਲਾਭ ਮੁਲਾਜਮਾਂ ਦੀ ਝੋਲੀ ਪਾਏ ਗਏ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਨੂੰ ਉਹਨਾਂ ਦੇ ਕੱਟੜ ਵਿਰੋਧੀ ਵੀ ਤਸਲੀਮ ਕਰਦੇ ਹਨ ਅਤੇ ਪੰਜਾਬ ਦੇ ਮੁਲਾਜਮਾਂ ਦੀ ਜੁਬਾਨ ਤੋਂ ਵੀ ਕਦੇ ਸੱਜਣ ਸਿੰਘ ਦਾ ਨਾਂ ਵਿਸਰਿਆ ਨਹੀ। ਇਹ ਸੱਜਣ ਸਿੰਘ ਦੀ ਜਥਬੰਦਕ ਯੋਗਤਾ ਦੇ ਹੀ ਸਦਕੇ ਹੈ ਕਿ ਪੰਜਾਬ ਦੀ ਕਲਾਸ ਫੋਰਥ ਮੁਲਾਜਮਾਂ ਦੀ ਜਥੇਬੰਦੀ ਨੂੰ ਸਾਰੇ ਭਾਰਤ ਵਿੱਚ ਇੱਕ ਨੰਬਰ ਦੀ ਜਥੇਬੰਦੀ ਦਾ ਰੁਤਬਾ ਹਾਸਲ ਹੈ। ਉਹਨਾਂ ਵੱਲੋਂ ਮੁਹਰਲੀ ਪਾਲ ਦੇ ਪੈਦਾ ਕੀਤੇ ਆਗੂ ਇੰਨੇ ਸਮਰੱਥ ਹਨ ਕਿ ਸੱਜਣ ਸਿੰਘ ਦੇ ਵਿਛੋੜੇ ਤੋਂ ਬਾਅਦ ਵੀ ਉਹ ਜਥੇਬੰਦੀ ਨੂੰ ਚੜ੍ਹਦੀਕਲਾ ਵਿੱਚ ਰੱਖਣ ਦੇ ਯੋਗ ਹਨ। ਆਗੂਆਂ ਨੇ ਕਿਹਾ ਕਿ ਭਾਵੇਂ ਹਰ ਸੰਗਠਨ ਦੇ, ਪਰਿਵਾਰ ਦੇ, ਸਮਾਜ ਦੇ ਕੰਮ ਕਾਰ ਤਾਂ ਨਹੀ ਰੁਕਦੇ ਪਰ ਹਰ ਇੱਕ ਚੁਣੌਤੀ ਦੇ ਸਮੇਂ ਵਿੱਚ ਸੱਜਣ ਸਿੰਘ ਦੀ ਘਾਟ ਹਮੇਸ਼ਾ ਰੜਕਦੀ ਰਿਹਾ ਕਰੇਗੀ। ਪਰ ਸਾਨੂੰ ਇਹ ਵੀ ਮਾਣ ਹੈ ਕਿ ਹਰ ਸੰਕਟ ਦੇ ਸਮੇਂ ਉਹਨਾਂ ਦਾ ਸਿਰਜਿਆ ਇਤਿਹਾਸ ਸਾਨੂੰ ਅਗਵਾਈ ਵੀ ਦਿੰਦਾ ਰਹੇਗਾ ਅਤੇ ਦ੍ਰਿੜਤਾ ਵੀ ਪ੍ਰਦਾਨ ਕਰਦਾ ਰਹੇਗਾ। ਅੱਤ ਦੇ ਸੋਸਤ ਤਬਕੇ ਜਿਵੇਂ ਸਵੀਪਰ, ਸੀਵਰਮੈਨ, ਸਫਾਈ ਸੇਵਕ, ਠੇਕਾ ਮੁਲਾਜਮ, ਪਾਰਟ ਟਾਈਮ ਵਰਕਰ, ਸਕੀਮ ਵਰਕਰ, ਆਸ਼ਾ ਵਰਕਰ, ਆਂਗਣਵਾੜੀ, ਹੋਮਗਾਰਡਜ਼ ਆਦਿ ਸਾਥੀ ਸੱਜਣ ਸਿੰਘ ਨੂੰ ਆਪਣਾ ਮਸੀਹਾ ਮੰਨਦੇ ਸਨ। ਉਹਨਾਂ ਨੂੰ ਘੋਲਾਂ ਦਾ ਭੀਸ਼ਮ ਪਿਤਾਮਾ ਵੀ ਕਿਹਾ ਜਾਂਦਾ ਹੈ ਉਹਨਾਂ ਨੂੰ ਸਤਿਕਾਰ ਨਾਲ ਨੌਜੁਆਨ ਵਰਗ ਬਾਪੂ ਜੀ ਕਹਿਕੇ ਬੁਲਾਉਂਦੇ ਸਨ। ਅਜਿਹੇ ਖਿਤਾਬ ਮੰਗਿਆ ਨਹੀਂ ਮਿਲਦੇ। ਇਹ ਆਪਣੇ ਆਪ ਲੋਕਾਂ ਦੀ ਜੁਬਾਨ ਵਿਚੋਂ ਫੁੱਟਦੇ ਨੇ। ਜਿਨ੍ਹਾਂ ਹੋਰ ਆਗੂਆਂ ਨੇ ਸਰਧਾਂਜਲੀ ਭੇਂਟ ਕੀਤੀ ਉੁਹਨਾਂ ਵਿੱਚ ਜਗਮੋਹਨ ਨੋਲੱਖਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਜੀਤ ਸਿੰਘ ਦੂਆ, ਗੁਰਵਿੰਦਰ ਗੋਲਡੀ, ਰਮੇਸ਼ ਕੁਮਾਰ, ਕਰਮਚੰਦ ਗਾਂਧੀ, ਗੁਰਦੀਪ ਸਿੰਘ ਵਾਲੀਆ, ਜਸਪਾਲ ਮਹਿਰਾ, ਮਾਧੋ ਲਾਲ, ਰਾਮ ਕਿਸ਼ਨ, ਪ੍ਰੀਤਮ ਚੰਦ ਠਾਕੁਰ, ਰਾਮ ਲਾਲ ਰਾਮਾ, ਸੂਰਜ ਪਾਲ ਯਾਦਵ, ਜਗਜੀਤ ਲੱਡੂ, ਅਸ਼ੋਕ ਕੁਮਾਰ ਬਿੱਟੂ, ਦਰਸ਼ੀ ਕਾਂਤ, ਬੰਸੀ ਲਾਲ, ਅਨਿਲ ਕੁਮਾਰ, ਸ਼ਿਵ ਚਰਨ, ਅਮਰਨਾਥ ਨਾਰੜੂ, ਪ੍ਰਕਾਸ਼ ਸਿੰਘ ਲੁਬਾਣਾ, ਇੰਦਰਪਾਲ, ਸਤਨਰਾਇਣ ਗੋਨੀ, ਆਦਿ ਹਾਜਰ ਸਨ।


   
  
  ਮਨੋਰੰਜਨ


  LATEST UPDATES











  Advertisements