View Details << Back

ਕਾਰ ਤੇ ਮੋਟਰਸਾਈਕਲ ਚ ਹੋਈ ਟੱਕਰ, ਇੱਕ ਦੀ ਮੌਤ

ਭਵਾਨੀਗੜ੍ਹ (ਗੁਰਵਿੰਦਰ ਸਿੰਘ ) ਪਿੰਡ ਘਰਾਚੋਂ ਤੋਂ ਕੁਟੀ ਸਾਹਿਬ ਨੂੰ ਜਾਂਦੀ ਨਾਗਰਾ ਲਿੰਕ ਰੋਡ 'ਤੇ ਭੱਠੇ ਕੋਲ ਪੈਂਦੇ ਚੌਰਸਤੇ ’ਤੇ ਅੱਜ ਸਵੇਰੇ ਇੱਕ ਕਾਰ ਵੱਲੋਂ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ। ਇਸ ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਜਦੋਂਕਿ ਉਸਦੇ ਪਿੱਛੇ ਬੈਠਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜੋ ਪਟਿਆਲਾ ਵਿਖੇ ਜ਼ੇਰੇ ਇਲਾਜ ਹੈ। ਘਟਨਾ ਸਬੰਧੀ ਜਾਂਚ ਕਰ ਰਹੇ ਸੁਖਪਾਲ ਸਿੰਘ ਏ. ਐੱਸ. ਆਈ. ਥਾਣਾ ਭਵਾਨੀਗੜ੍ਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਗਿਰੀ ਦਾ ਕੰਮ ਕਰਦਾ ਹੰਸ ਰਾਜ ਵਾਸੀ ਮਹਿਲਾ ਚੌਂਕ ਅੱਜ ਸਵੇਰੇ ਆਪਣੇ ਮੋਟਰਸਾਈਕਲ ਰਾਹੀ ਇੱਕ ਹੋਰ ਵਿਅਕਤੀ ਸੋਮਨਾਥ ਵਾਸੀ ਪਿੰਡ ਸੰਘਰੇੜ੍ਹੀ ਨਾਲ ਸੰਘਰੇੜ੍ਹੀ ਪਿੰਡ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਜਦੋਂ ਉਕਤ ਮੋਟਰਸਾਈਕਲ ਸਵਾਰ ਪਿੰਡ ਨਾਗਰਾ ਦੇ ਇੱਕ ਭੱਠੇ ਨੇੜੇ ਪੈਂਦੇ ਚੌਰਸਤੇ ਕੋਲ ਪਹੁੰਚੇ ਤਾਂ ਅਚਾਨਕ ਇੱਕ ਕਾਰ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।ਜਿਨ੍ਹਾਂ 'ਚੋਂ ਹੰਸ ਰਾਜ (31) ਦੀ ਮੌਤ ਹੋ ਗਈ ਅਤੇ ਸੋਮਨਾਥ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਸੋਮਨਾਥ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ। ਘਟਨਾ ਸਬੰਧੀ ਪੁਲਸ ਨੇ ਮ੍ਰਿਤਕ ਵਿਅਕਤੀ ਦੇ ਭਰਾ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਹਰਜਿੰਦਰ ਸਿੰਘ ਗੱਗੀ ਵਾਸੀ ਸੰਘਰੇੜ੍ਹੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

   
  
  ਮਨੋਰੰਜਨ


  LATEST UPDATES











  Advertisements