View Details << Back

ਕੈਪਟਨ ਸਰਕਾਰ ਨੇ ਪਾਇਆ ਗੰਦ "ਸ਼ਰਾਬ ਦੇ ਠੇਕੇ ਖੁੱਲੇ ਬਾਕੀ ਵਪਾਰ ਬੰਦ" - ਤੇਜਿੰਦਰ ਮਹਿਤਾ

ਪਟਿਆਲਾ (ਬੇਅੰਤ ਸਿੰਘ ਰੋਹਟੀ ਖਾਸ)ਕਰੋਨਾ ਦੀ ਆੜ ਵਿੱਚ ਪੰਜਾਬ ਦੇ ਛੋਟੇ ਅਤੇ ਮੱਧਮ ਦੁਕਾਨਦਾਰਾਂ ਦੇ ਵਪਾਰ ਬੰਦ ਕਰਵਾਕੇ ਪੂਰਾ ਹਫਤਾ ਸ਼ਰਾਬ ਦੇ ਠੇਕੇ ਖੋਲ੍ਹਣ ਸੰਬੰਧੀ ਕੈਪਟਨ ਸਰਕਾਰ ਦੇ ਨਾਦਰਸ਼ਾਹੀ ਫ਼ਰਮਾਨ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਭੜਕ ਉੱਠੀ, ਪਾਰਟੀ ਦੀ ਪਟਿਆਲਾ ਸ਼ਹਿਰੀ ਟੀਮ ਵਲੋਂ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਵਿੱਚ ਸਥਾਨਕ ਸ਼ੇਰਾਂ ਵਾਲਾ ਗੇਟ ਵਿਖੇ ਸਥਿਤ ਸ਼ਰਾਬ ਦੇ ਠੇਕੇ ਦੇ ਸਾਹਮਣੇ ਸੰਕੇਕਿਤ ਧਰਨਾ ਅਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਪ੍ਰੋ: ਸੁਮੇਰ ਸਿੰਘ ਅਤੇ ਸੰਦੀਪ ਬੰਧੂ ਵੀ ਹਾਜ਼ਰ ਸਨ। ਇਸ ਮੌਕੇ ਪ੍ਰੈਸ ਨੋਟ ਜਾਰੀ ਕਰਦਿਆਂ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਲ ਰਾਤ ਹਫਤੇ ਦੇ ਅਖੀਰਲੇ ਦੋ ਦਿਨਾਂ ਵੀ ਲਾਕਡਾਉਨ ਦੌਰਾਨ ਪੂਰਾ ਹਫਤਾ ਸ਼ਰਾਬ ਦੇ ਠੇਕੇ ਖੋਲਣ ਦੇ ਹੁਕਮ ਜਾਰੀ ਕਰਕੇ ਪੰਜਾਬ ਦੇ ਛੋਟੇ-ਮੱਧਮ ਵਪਾਰੀ, ਰੇਹੜੀ ਪੱਟਰੀ ਵਾਲੇ, ਮਜ਼ਦੂਰ ਅਤੇ ਦਿਹਾੜੀਦਾਰ ਵਰਗ ਦੇ ਜਖਮਾਂ ਤੇ ਲੂਣ ਛਿੜਕਾਉਣ ਦਾ ਕੰਮ ਕੀਤਾ ਹੈ। ਕਰੋਨਾ ਤੋਂ ਬਚਾਅ ਲਈ ਕੈਪਟਨ ਸਰਕਾਰ ਵਲੋਂ ਲਾਕਡਾਉਨ ਲਗਾਇਆ ਗਿਆ ਹੈ। ਜਿਸ ਵਿੱਚ ਵਪਾਰੀ ਹਫਤੇ ਵਿੱਚ ਸਿਰਫ ਦੋ ਦਿਨ ਦੁਕਾਨਾਂ ਖੋਲ ਸਕਦਾ ਹੈ, ਜਦਕਿ ਸ਼ਰਾਬ ਦੇ ਠੇਕੇ ਪੂਰਾ ਹਫਤਾ ਖੁੱਲੇ ਰਹਿ ਸਕਦੇ ਹਨ। ਜਿਸ ਨਾਲ ਪੰਜਾਬ ਦੇ ਹਰ ਛੋਟੇ ਵੱਡੇ ਵਪਾਰੀ ਦਾ ਲੱਕ ਟੁੱਟ ਗਿਆ ਹੈ। ਲਾਕਡਾਉਨ ਦੇ ਚਲਦਿਆਂ ਉਹਨਾਂ ਦੇ ਕੰਮ ਧੰਦੇ ਤਾਂ ਪਹਿਲਾਂ ਹੀ ਬੰਦ ਪਏ ਨੇ, ਉੱਪਰੋਂ ਸਰਕਾਰ ਨੇ ਠੇਕੇ ਖੋਲ ਕੇ ਉਹਨਾਂ ਨਾਲ ਵੱਡਾ ਧੋਖਾ ਕੀਤਾ ਹੈ। ਕੀ ਗਲ ਕੈਪਟਨ ਸਰਕਾਰ ਨੂੰ ਸਿਰਫ ਸ਼ਰਾਬ ਦੇ ਠੇਕੇਦਾਰ ਹੀ ਟੈਕਸ ਦਿੰਦੇ ਨੇ, ਕੀ ਇਹ ਛੋਟੇ ਦੁਕਾਨਦਾਰ ਕੋਈ ਟੈਕਸ ਨਹੀਂ ਦਿੰਦੇ ਹਨ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਇਹਨਾਂ ਸ਼ਰਾਬ ਦੇ ਠੇਕਿਆਂ ਨੂੰ ਖੋਲਣ ਦੇ ਹੁਕਮ ਤਾਂ ਦਿੱਤੇ ਹਨ ਕਿਉਂਕਿ ਇਹਨਾਂ ਸ਼ਰਾਬ ਵੇਚਣ ਦੇ ਕਾਰੋਬਾਰ ਵਿੱਚ ਕਾਂਗਰਸੀ ਲੀਡਰ ਦਾ ਵੱਡਾ ਹਿੱਸਾ ਹੈ, ਉਹਨਾਂ ਦੀਆਂ ਜੇਬਾਂ ਭਰਨ ਲਈ ਠੇਕੇ ਖੋਲੇ ਗਏ ਹਨ ਅਤੇ ਇਹਨਾਂ ਛੋਟੇ ਵਪਾਰੀ ਵੀਰਾਂ ਨੂੰ ਭੁੱਖੇ ਮਰਨ ਲਈ ਛੱਡ ਦਿੱਤਾ ਹੈ। ਸ਼ਰਾਬ ਦੀਆਂ ਦੁਕਾਨਾਂ ਖੋਲਣ ਨਾਲ ਬਹੁਤ ਨੁਕਸਾਨ ਵੀ ਹੋਵੇਗਾ। ਸ਼ਰਾਬ ਪੀ ਕੇ ਸ਼ੋਸ਼ਲ ਡਿਸਟੈਂਸਿੰਗ ਦਾ ਪਾਲਣ ਵੀ ਨਹੀਂ ਹੋਵੇਗਾ। ਘਰੇਲੂ ਹਿੰਸਾ ਨੂੰ ਵੀ ਹੁੰਗਾਰਾ ਮਿਲੇਗਾ। ਲੜਾਈ-ਝਗੜੇ, ਚੋਰੀ, ਲੁੱਟ ਮਾਰ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਸਕਦਾ ਹੈ। ਸ਼ਰਾਬ ਇਕ ਤਰਾਂ ਨਾਲ ਸਮਾਜ ਲਈ ਹਾਨੀਕਾਰਕ ਹੈ। ਸਰਕਾਰ ਨੂੰ ਬੇਨਤੀ ਹੈ ਕਿ ਵਪਾਰੀ ਮਜ਼ਦੂਰ ਵਰਗ ਨੂੰ ਮਿਹਨਤ ਕਰਕੇ ਕੰਮ ਕਰਨ ਦਿਓ ਨਾ ਕਿ ਵਿਹਲੇ ਬੈਠਕੇ ਸ਼ਰਾਬੀ ਬਣਾਓ। ਕੈਪਟਨ ਸਰਕਾਰ ਵਪਾਰੀਆਂ ਨੂੰ ਹੀ ਤੰਗ ਕਰ ਰਹੀ ਹੈ। ਆਮ ਆਦਮੀ ਪਾਰਟੀ ਆਮ ਦੁਕਾਨਦਾਰਾਂ ਅਤੇ ਵਪਾਰੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਹੁਣ ਵਪਾਰੀਆਂ ਨਾਲ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਹੋਵੇਗੀ। ਇਸ ਮੌਕੇ ਬੋਲਦਿਆਂ ਸੀਨੀਅਰ ਆਗੂ ਪ੍ਰੋ: ਸੁਮੇਰ ਸਿੰਘ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ ਦਾ ਹਰ ਵਰਗ ਪ੍ਰੇਸ਼ਾਨ ਹੈ। ਕੈਪਟਨ ਸਰਕਾਰ ਆਪਣੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਅਤੇ ਇਸਦੇ ਕੁਪ੍ਰਸ਼ਾਸਨ ਖਿਲਾਫ ਵੱਡੀ ਪੱਧਰ 'ਤੇ ਹੋ ਰਹੇ ਰੋਸ ਵਿਖਾਵਿਆਂ ਨੂੰ ਰੋਕਣ ਲਈ ਇਕਪਾਸੜ ਫੈਸਲੇ ਲੈ ਰਹੀ ਹੈ। ਏਅਰ ਕੰਡੀਸ਼ਡ ਸਰਕਾਰੀ ਦਫਤਰਾਂ ਵਿਚ ਬੈਠ ਕੇ ਗਾਇਡ ਲਾਇਨਸ ਬਣਾਉਣ ਵਾਲੇ ਅਧਿਕਾਰੀਆਂ ਨੂੰ ਜ਼ਮੀਨੀ ਹਕੀਕਤ ਬਾਰੇ ਕੋਈ ਵੀ ਜਾਣਕਾਰੀ ਨਹੀਂ, ਐਲਾਨੇ ਲਾਕਡਾਊਨ ਵਿਚ ਬੇ-ਤਰਤੀਬ ਢੰਗ ਨਾਲ ਨਿਯਮ ਬਣਾਏ ਗਏ ਹਨ। ਉਹਨਾਂ ਸਰਕਾਰ ਨੂੰ ਆਖਿਆ ਕਿ ਉਹ ਲੋਕਾਂ ਦੇ ਜੀਵਨ ਤੇ ਰੋਜ਼ੀ ਰੋਟੀ ਦਰਮਿਆਨ ਸੰਤੁਲਨ ਕਾਇਮ ਕਰੇ। ਸ਼ਰਾਬ ਦੀਆਂ ਦੁਕਾਨਾਂ ਖੋਲਣ ਦੀ ਸਾਡੀ ਪਾਰਟੀ ਸਖਤ ਵਿਰੋਧ ਕਰਦੀ ਹੈ। ਸਰਕਾਰ ਕੋਲ ਟੈਕਸ ਇੱਕਠੇ ਕਰਨ ਲਈ ਹੋਰ ਵੀ ਸਾਧਨ ਹਨ, ਉਹ ਵਰਤੇ ਜਾਣ। ਹਰ ਵਪਾਰੀ ਘੱਟੋ ਘੱਟ ਆਪਣੇ ਵਪਾਰ ਵਿੱਚ 2-3 ਸਾਲ ਪਿੱਛੇ ਹੋ ਗਿਆ ਹੈ। ਜੇਕਰ ਛੋਟੇ ਵਪਾਰੀ ਅਤੇ ਸ਼ੋ-ਰੂਮਾਂ ਵਾਲੇ ਵਪਾਰੀਆਂ ਨੂੰ ਘੱਟ ਕਰਮਚਾਰੀਆਂ ਨਾਲ ਦੁਕਾਨਾਂ ਖੋਲਣ ਦਾ ਹੁਕਮ ਦਿੱਤਾ ਜਾਵੇ ਤਾਂ ਵਪਾਰੀ ਆਪਣੀ ਦੁਕਾਨ ਦਾ ਖਰਚਾ, ਕਰਮਚਾਰੀਆਂ ਦੀ ਤਨਖਾਹ, ਘਰ ਦੇ ਖਰਚੇ ਆਦਿ ਹੋਰ ਅਨੇਕਾਂ ਖਰਚਿਆਂ ਜਿਨਾਂ ਤੋਂ ਪਿਛਲੇ ਲੰਬੇ ਸਮੇਂ ਤੋਂ ਦੱਬ ਰਿਹਾ ਹੈ, ਉਸਨੂੰ ਕੁਝ ਰਾਹਤ ਮਿਲੇਗੀ। ਇਸ ਲਈ ਕੈਪਟਨ ਸਰਕਾਰ ਨੂੰ ਸਾਡੀ ਮੰਗ ਹੈ ਕਿ ਜੇਕਰ ਸ਼ਰਾਬ ਦੇ ਠੇਕੇ ਖੁੱਲ ਸਕਦੇ ਹਨ ਤਾਂ ਬਾਕੀ ਵਪਾਰੀਆਂ ਨੂੰ ਵੀ ਦੁਕਾਨਾਂ ਖੋਲਣ ਦੀ ਇਜਾਜ਼ਤ ਦਿੱਤੀ ਜਾਵੇ। ਨਹੀਂ ਇਹਨਾਂ ਠੇਕਿਆਂ ਨੂੰ ਵੀ ਬੰਦ ਕੀਤਾ ਜਾਵੇ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਇਸੇ ਤਰ੍ਹਾਂ ਨਾਲ ਵਪਾਰੀਆਂ ਅਤੇ ਆਮ ਲੋਕਾਂ ਨਾਲ ਧੱਕਾ ਕਰਦਾ ਰਹੇਗਾ ਤਾਂ ਲੋਕ ਇੱਟ ਨਾਲ ਇੱਟ ਵਜਾ ਦੇਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੀ ਹੋਵੇਗੀ। ਇਸ ਮੌਕੇ ਡਾ: ਪਰੇਮ ਪਾਲ ਢਿਲੋਂ ਜਿਲ੍ਹਾ ਪ੍ਰਧਾਨ ਡਾਕਟਰ ਵਿੰਗ, ਰਾਜਵੀਰ ਸਿੰਘ ਬਲਾਕ ਪ੍ਰਧਾਨ, ਅੰਗਰੇਜ਼ ਸਿੰਘ ਈਵੈਂਟ ਮੈਨੇਜਰ, ਹਰੀਸ਼ਕਾਂਤ ਵਾਲੀਆ ਉਪ-ਪ੍ਰਧਾਨ ਬੁੱਧੀਜੀਵੀ ਵਿੰਗ, ਸੀਨੀਅਰ ਆਗੂ ਸੰਦੀਪ ਬੰਧੂ, ਹਰੀਸ਼ ਨਰੂਲਾ, ਯੂਥ ਆਗੂ ਹਰਪ੍ਰੀਤ ਸਿੰਘ ਢੀਠ, ਗੁਰਪ੍ਰੀਤ ਗੁਰੀ, ਰਿੰਕੂ ਪਹਿਲਵਾਨ, ਕ੍ਰਿਸ਼ਨ ਕੁਮਾਰ, ਵਿਕਰਮ ਸ਼ਰਮਾ, ਅਮਨ ਬਾਂਸਲ, ਰਵੇਲ ਸਿੱਧੂ, ਭਾਰਤ ਭੂਸ਼ਣ, ਮਨਿੰਦਰ ਗਰੇਵਾਲ, ਪੁਨੀਤ ਬੁੱਧੀਰਾਜਾ, ਆਰ ਡੀ ਸਿੰਘ, ਸੰਜੇ ਅਗਰਵਾਲ, ਸੁਮੀਤ ਟਿਕੇਜਾ, ਰੋਹਿਤ ਰਾਜਪੂਤ, ਮਨਦੀਪ ਵਿਰਦੀ, ਅਮਿਤ ਵਿੱਕੀ, ਅਮਿਤ ਡਾਬੀ, ਰਮੇਸ਼ ਕੁਮਾਰ, ਵਰਿੰਦਰ ਸਿੰਘ, ਗਿਆਸੂਦੀਨ, ਦਯਾ ਰਾਮ, ਗੁਰਪ੍ਰੀਤ ਥਿੰਦ, ਸੰਨੀ ਡਾਬੀ ਆਦਿ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements